ਮਿਡਲ ਸਕੂਲਾਂ ਨੂੰ ਬਚਾਉਣ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲ ਭੇਜਿਆ ਮੰਗ ਪੱਤਰ ਡੀ.ਟੀ.ਐਫ.

ਪੰਜਾਬ

ਆਰਜ਼ੀ ਪ੍ਰਬੰਧਾਂ ਦੀ ਆੜ ਹੇਠ ਮਿਡਲ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ਕੱਢਣ ਦੀ ਡੀ ਟੀ ਐੱਫ ਵੱਲੋਂ ਨਿਖੇਧੀ

ਰੂਪਨਗਰ 22 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਉਸ ਪੱਤਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ, ਜਿਸ ਰਾਹੀਂ ਘੱਟ ਵਿਦਿਆਰਥੀਆਂ ਵਾਲੇ ਮਿਡਲ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ਆਰਜ਼ੀ ਪ੍ਰਬੰਧ ਦੇ ਨਾਂ ਹੇਠ ਵੱਧ ਗਿਣਤੀ ਵਾਲੇ ਸਕੂਲਾਂ ਵਿੱਚ ਪੱਕੇ ਤੌਰ ‘ਤੇ ਭੇਜਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਪੱਤਰ ਅਨੁਸਾਰ ਕਲਾਸਾਂ ਦੀ ਗਿਣਤੀ ਨੂੰ ਅਣਗੌਲਿਆਂ ਕਰਦਿਆਂ 1 ਤੋਂ 30 ਤੱਕ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਵਿੱਚ ਸਿਰਫ਼ 2 ਅਧਿਆਪਕ ਛੱਡੇ ਜਾਣ, 60 ਤੱਕ ਦੀ ਗਿਣਤੀ ਵਾਲੇ ਸਕੂਲਾਂ ਵਿੱਚ 3 ਅਧਿਆਪਕ ਅਤੇ 90 ਤੱਕ ਦੀ ਗਿਣਤੀ ਵਾਲੇ ਸਕੂਲਾਂ ਵਿੱਚ ਸਿਰਫ਼ 4 ਅਧਿਆਪਕ ਛੱਡੇ ਜਾਣ ਅਤੇ ਬਾਕੀਆਂ ਨੂੰ ਇੱਥੋਂ ਆਰਜ਼ੀ ਪ੍ਰਬੰਧ ਦੇ ਨਾਂ ਹੇਠ ਹੋਰ ਸਕੂਲਾਂ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ।
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (DTF) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਇਸ ਫੈਸਲੇ ਨੂੰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਵੱਲ ਵਧਾਇਆ ਗਿਆ ਇੱਕ ਹੋਰ ਕਦਮ ਕਰਾਰ ਦਿੰਦਿਆਂ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਾਲ 2021 ਵਿੱਚ ਮਿਡਲ ਸਕੂਲਾਂ ਵਿੱਚੋਂ ਸਰੀਰਕ ਸਿੱਖਿਆ (ਪੀ ਟੀ ਆਈ), ਆਰਟ ਐਂਡ ਕਰਾਫਟ ਅਤੇ ਹੋਰ ਅਧਿਆਪਕ ਬਾਹਰ ਕੀਤੇ ਜਾ ਚੁੱਕੇ ਹਨ ਅਤੇ ਹੁਣ ਇਸ ਫੈਸਲੇ ਨਾਲ ਇੰਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਵਿਸ਼ਾ-ਮਾਹਰ ਅਧਿਆਪਕਾਂ ਦੀ ਹੋਰ ਵੱਡੇ ਪੱਧਰ ‘ਤੇ ਘਾਟ ਪੈਦਾ ਹੋਵੇਗੀ, ਜਿਸ ਦਾ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਮਾਰੂ ਪ੍ਰਭਾਵ ਪਵੇਗਾ ਅਤੇ “ਸਿੱਖਿਆ ਦੇ ਅਧਿਕਾਰ 2009” (RTE Act-2009) ਦੀ ਸ਼ਰੇਆਮ ਉਲੰਘਣਾ ਹੋਵੇਗੀ।

ਡੀ ਟੀ ਐੱਫ ਰੂਪਨਗਰ ਦੇ ਵਫਦ ਵਲੋ ਸਿੱਖਿਆ ਮੰਤਰੀ ਪੰਜਾਬ ਵੱਲ ਮੰਗ ਪੱਤਰ ਜਿਲ੍ਹਾ ਸਿੱਖਿਆ ਅਫਸਰ ਪ੍ਰੇਮ ਮਿੱਤਲ ਰਾਹੀ ਭੇਜਿਆ ਗਿਆ।ਡੀ ਟੀ ਐੱਫ ਰੂਪਨਗਰ ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ, ਜਿਲ੍ਹਾ ਸਕੱਤਰ ਜਤਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਅੰਦਰ ਲਗਾਤਾਰ ਅਧਿਆਪਕਾਂ ਦੀ ਘਾਟ ਕਾਰਨ ਅਤੇ ਅਧਿਆਪਕਾਂ ਦੀ ਗੈਰ ਵਿੱਦਿਅਕ ਕੰਮਾਂ ਵਿੱਚ ਬਹੁਤ ਜ਼ਿਆਦਾ ਸ਼ਮੂਲੀਅਤ ਕਾਰਣ ਨਵੇਂ ਦਾਖ਼ਲੇ ਘਟੇ ਹਨ। ਵਿਦਿਆਰਥੀਆਂ ਦੀ ਗਿਣਤੀ ਘਟਣ ਪਿੱਛੇ ਸਿੱਖਿਆ ਨੀਤੀ 2020 ਨੂੰ ਅਸਿੱਧੇ ਰੂਪ ਵਿੱਚ ਲਾਗੂ ਕਰਦਿਆਂ ਐੱਸ ਓ ਈ ਅਤੇ ਪੀ ਐੱਮ ਸ਼੍ਰੀ ਸਕੂਲਾਂ ਨੂੰ ਵੱਧ ਸਹੂਲਤਾਂ ਅਤੇ ਪੂਰੇ ਅਧਿਆਪਕ ਅਤੇ ਪੇਂਡੂ ਅਤੇ ਪੱਛੜੇ ਇਲਾਕਿਆਂ ਦੇ ਸਕੂਲਾਂ ਨੂੰ ਅਣਦੇਖਿਆ ਅਤੇ ਅਧਿਆਪਕਾਂ ਤੋਂ ਵਾਂਝਿਆਂ ਕਰਨਾ ਵੀ ਹੈ। ਕੰਪਲੈਕਸ ਸਕੂਲ ਸੰਕਲਪ ਅਧੀਨ ਐੱਸ ਓ ਈ ਅਤੇ ਪੀ ਐੱਮ ਸ਼੍ਰੀ ਸਕੂਲਾਂ ਨੂੰ ਕਾਮਯਾਬ ਕਰਨ ਲਈ ਪੱਛੜੇ ਇਲਾਕਿਆਂ ਦੇ ਸਕੂਲਾਂ ਦੀ ਬਲੀ ਚੜ੍ਹਾਉਂਦਿਆਂ ਇੰਨ੍ਹਾਂ ਨੂੰ ਹੌਲੀ-ਹੌਲੀ ਬੰਦ ਕਰਨ ਜਾਂ ਇਨ੍ਹਾਂ ਨੂੰ ਦੂਜੇ ਸਕੂਲਾਂ ਵਿੱਚ ਮਰਜ਼ (Merge) ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਡੀ ਟੀ ਐੱਫ ਦੇ ਸੀਨੀਅਰ ਮੀਤ ਪ੍ਰਧਾਨ ਅਮਰਦੀਪ ਸਿੰਘ ਸੰਧੂ, ਗੁਰਚਰਨ ਸਿੰਘ ,ਮੀਤ ਪ੍ਰਧਾਨ ਬਲਵਿੰਦਰ ਸਿੰਘ, ਗੁਰਜੰਟ ਸਿੰਘ ਨੇ ਕਿਹਾ ਕਿ ਸਕੂਲਾਂ ਦੇ ਵਿੱਦਿਅਕ ਪ੍ਰਬੰਧ ਨੂੰ ਸਿਰਫ਼ ਵਿਦਿਆਰਥੀਆਂ ਦੀ ਗਿਣਤੀ-ਮਿਣਤੀ ਨਾਲ ਜੋੜ ਕੇ ਅਧਿਆਪਕ ਦੇਣਾ ਇੱਕ ਗੈਰ-ਵਿਗਿਆਨਕ ਅਤੇ ਪਿਛਾਖੜੀ ਸੋਚ ਦਾ ਪ੍ਰਗਟਾਵਾ ਹੈ। ਸਰਕਾਰ ਦਾ ਅਧਿਆਪਕਾਂ ਨੂੰ ‘ਵੱਧ ਗਿਣਤੀ’ ਵਾਲੇ ਸਕੂਲਾਂ ਵਿੱਚ ਭੇਜਣ ਦਾ ਇਹ ਤਰਕ ਅਸਲ ਵਿੱਚ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਨਵੀਂ ਭਰਤੀ ਤੋਂ ਭੱਜਣ ਦਾ ਇੱਕ ਬਹਾਨਾ ਹੈ।
ਜਿਲ੍ਹਾ ਆਗੂਆ ਲਖਵੀਰ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਪ੍ਰਗਟ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰਕਹੀਣ ਪੱਤਰ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਨੂੰ ਜਬਰੀ ਸ਼ਿਫਟ ਕਰਨ ਅਤੇ ਸਕੂਲਾਂ ਨੂੰ ਉਜਾੜਨ ਦੀ ਨੀਤੀ ਨਾ ਤਿਆਗੀ, ਤਾਂ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਮਾਪਿਆਂ ਨੂੰ ਨਾਲ ਲੈ ਕੇ ਸੜਕਾਂ ‘ਤੇ ਉੱਤਰ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਇਸ ਮੌਕੇ ਨੱਥੂ ਰਾਮ, ਮਨੋਜ ਕੁਮਾਰ, ਜਸਵੀਰ ਰਾਣਾ, ਦੀਪਕ ਰਾਣਾ, ਬਿਪਨ ਰਾਏ,ਜੈ ਸ਼ੰਕਰ, ਦਿਪਕ ਵਰਮਾ, ਬੱਗਾ ਖਡਾਲ ਈ ਟੀ ਟੀ 5994 ਅਤੇ ਆਦਰਸ਼ ਕੁਮਾਰ, ਮਨੋਜ ਕੁਮਾਰ, ਬਿੰਦਰ ਸਿੰਘ , ਹਿੰਮਤ ਸਿੰਘ, ਸੁਖਦੇਵ ਸਿੰਘ,ਪ੍ਰਭਜੋਤ ਸਿੰਘ, ਸਤਿਨਾਮ ਸਿੰਘ, ਰਾਮ ਦਿਆਂ ਈ ਟੀ ਟੀ 6635, ਜਸਕਰਨ ਸਿੰਘ, ਰਾਮ ਨਿਵਾਸ ਸਤਨਾਮ ਸਿੰਘ ਜਸਵੀਰ ਸਿੰਘ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।