ਮੋਹਾਲੀ, 26 ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਅਧਿਆਪਕਾਂ ਦੀ ਪ੍ਰਮੁੱਖ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਪੰਜਾਬ) ਨੇ ਸਿੱਖਿਆ ਵਿਭਾਗ ਅੱਗੇ ਮੰਗ ਕੀਤੀ ਹੈ ਕਿ ਬਦਲੀਆਂ ਲਈ ਆਨਲਾਈਨ ਪੋਰਟਲ ਤੁਰੰਤ ਖੋਲ੍ਹਿਆ ਜਾਵੇ। ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਅਪ੍ਰੈਲ ਮਹੀਨਾ ਖ਼ਤਮ ਹੋਣ ਦੇ ਨੇੜੇ ਹੈ, ਪਰ ਸਿੱਖਿਆ ਵਿਭਾਗ ਨੇ ਅਜੇ ਤੱਕ ਬਦਲੀਆਂ ਸਬੰਧੀ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਬਦਲੀਆਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਕੰਮਲ ਹੋ ਜਾਣੀਆਂ ਚਾਹੀਦੀਆਂ ਸਨ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਇਹ ਪ੍ਰਕਿਰਿਆ ਸੈਸ਼ਨ ਦੇ ਵਿਚਕਾਰ ਚੱਲੀ ਤਾਂ ਇਸ ਨਾਲ ਸਕੂਲਾਂ ਦੇ ਪ੍ਰਬੰਧਨ ਅਤੇ ਟਾਈਮ-ਟੇਬਲ ਬਣਾਉਣ ਵਿੱਚ ਵੱਡੀ ਸਮੱਸਿਆ ਪੈਦਾ ਹੋਵੇਗੀ ਅਤੇ ਦੇਰੀ ਕਾਰਨ ਅਧਿਆਪਕਾਂ ਦੇ ਸਮੇਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਵੇਗਾ।
ਬਦਲੀਆਂ ਲਈ DTF ਨੇ ਮੰਗ ਕੀਤੀ ਕਿ ਗੰਭੀਰ ਬਿਮਾਰੀਆਂ ਨਾਲ ਪੀੜਤ ਅਧਿਆਪਕਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਘਰਾਂ ਤੋਂ ਦੂਰ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਬਦਲੀ ਪ੍ਰਕਿਰਿਆ ਵਿੱਚ ਵਿਸ਼ੇਸ਼ ਰਾਹਤ ਦਿੱਤੀ ਜਾਵੇ। ਪੋਰਟਲ ‘ਤੇ ਸਾਰੇ ਖਾਲੀ ਪਏ ਸਟੇਸ਼ਨਾਂ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਅਧਿਆਪਕ ਆਪਣੀ ਪਸੰਦ ਅਨੁਸਾਰ ਚੋਣ ਕਰ ਸਕਣ। ਆਪਸੀ ਬਦਲੀ ‘ਤੇ ਲਾਈਆਂ ਗਈਆਂ ਬੇਲੋੜੀਆਂ ਸ਼ਰਤਾਂ ਨੂੰ ਤੁਰੰਤ ਖ਼ਤਮ ਕੀਤਾ ਜਾਵੇ।











