ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਪ੍ਰੈਲ ,ਬੋਲੇ ਪੰਜਾਬ ਬਿਊਰੋ:
ਡਾਇਰੈਕਟਰ, ਸਟੇਟ ਕੌਂਸਲ ਅਫ਼ ਐਜੂਕੇਸ਼ਨ, ਰਿਸਰਚ ਤੇ ਟ੍ਰੇਨਿੰਗ ਕਿਰਨ ਸ਼ਰਮਾ ਵੱਲੋਂ ਆਪਣੀ ਟੀਮ ਸਮੇਤ ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੂਪਨਗਰ ਦੇ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਇਸ ਦੌਰਾਨ ਵੱਖ ਵੱਖ ਟੀਮਾਂ ਜਿਨ੍ਹਾਂ ਵਿੱਚ ਡਾਇਰੈਕਟਰ ਐਸ.ਸੀ.ਈ.ਆਰ.ਟੀ. ਸ਼੍ਰੀਮਤੀ ਕਿਰਨ ਸ਼ਰਮਾ ਦੇ ਨਾਲ਼ ਏ. ਐਸ. ਪੀ. ਡੀ. ਕੁਆਲਿਟੀ ਡਾ ਨਵਨੀਤ ਕਦ, ਸਟੇਟ ਕੋਆਰਡੀਨੇਟਰ ਪ੍ਰਾਇਮਰੀ ਹਰਮਨਜੋਤ ਸਿੰਘ, ਸਟੇਟ ਰਿਸੋਰਸ ਪਰਸਨਸ ਹਰਜੀਤ ਕੌਰ, ਨੀਲਮ ਕੁਮਾਰੀ, ਸ੍ਰੀ ਗੌਰਵ ਨਗੋਰੀ ਸ਼ਾਮਲ ਸਨ, ਵੱਲੋਂ ਦੋਵਾਂ ਜ਼ਿਲ੍ਹਿਆਂ ਦੇ ਲਗਭਗ 8 ਸਰਕਾਰੀ ਸਕੂਲਾਂ- ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਹਮਣ ਵਾਲਾ, ਸਰਕਾਰੀ ਮਿਡਲ ਸਕੂਲ ਭੁਰੜੇ, ਸੀਨੀਅਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੋਨਾ ਕਲਾਂ, ਸਰਕਾਰੀ ਮਿਡਲ ਸਕੂਲ ਫਤਿਹਪੁਰ ਟੱਪਰੀਆਂ, ਸਰਕਾਰੀ ਪ੍ਰਾਇਮਰੀ ਸਕੂਲ ਸਿਆਸਤਪੁਰ ਰੋਪੜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦਾ ਨਿਰੀਖਣ ਕੀਤਾ ਗਿਆ।
ਡਾਇਰੈਕਟਰ ਕਿਰਨ ਸ਼ਰਮਾ ਅਤੇ ਟੀਮਾਂ ਵਲੋਂ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਧਿਆਨ ਨਾਲ ਦੇਖਿਆ ਗਿਆ ਅਤੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ਮਿਸ਼ਨ ਸਮਰੱਥ ਦੀ ਕਾਰਗੁਜ਼ਾਰੀ, ਮਿਸ਼ਨ ਸਮਰੱਥ ਨੂੰ ਸੁਚਾਰੂ ਢੰਗ ਨਾਲ ਸਕੂਲਾਂ ਵਿੱਚ ਲਾਗੂ ਕਰਨ ਸਬੰਧੀ ਗਤੀਵਿਧੀ ਅਧਾਰਤ ਕੁਆਲਿਟੀ ਐਜੂਕੇਸ਼ਨ, ਬੱਚਿਆਂ ਦੀ ਸਿੱਖਣ ਪੱਧਰਾਂ ਦੀ ਜਾਂਚ ਅਤੇ ਪ੍ਰਗਤੀ ਦੇ ਨਾਲ ਨਾਲ ਸੁਤੰਤਰ ਮੂਲਾਂਕਣ ਦੀ ਮੁੜ ਜਾਂਚ ਦਾ ਜਾਇਜ਼ਾ ਲਿਆ। ਮਿਸ਼ਨ ਸਮਰੱਥ ਤਹਿਤ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਟੀਮ ਵਲੋਂ ਮਿਸ਼ਨ ਸਮਰੱਥ ਦੇ ਸੁਤੰਤਰ ਮੁਲਾਂਕਣ ਦਾ ਜਾਇਜ਼ਾ ਲੈਣ ਦੇ ਨਾਲ਼ – ਨਾਲ਼ ਵਿਦਿਆਰਥੀਆਂ ਦਾ ਅਚਨਚੇਤ ਮੁਲਾਂਕਣ ਵੀ ਕੀਤਾ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਕੂਲਾਂ ਵਿੱਚ ਮਾਇੰਡਫੁਲਨੈਸ ਗਤੀਵਿਧੀਆਂ ਲਾਗੂ ਕਰਨ ਸੰਬੰਧੀ, ਮਿਡ-ਡੇ ਮੀਲ ਦੀ ਗੁਣਵੱਤਾ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਵੀ ਜਾਂਚ ਕੀਤੀ।
ਦੌਰੇ ਦੌਰਾਨ ਐਸ.ਸੀ.ਈ.ਆਰ.ਟੀ. ਟੀਮ ਨੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਖ਼ਾਸ ਤੌਰ ‘ਤੇ ਵਿਦਿਆਰਥੀਆਂ ਦੀ ਗਰੁੱਪਿੰਗ ਅਤੇ ਟਾਈਮ ਟੇਬਲ ਨੂੰ ਨਿਯਮਾਂ ਅਨੁਸਾਰ ਲਾਗੂ ਕਰਨ ‘ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਵਲੋਂ ਨਿਰੀਖਣ ਦੌਰਾਨ ਪ੍ਰਾਪਤ ਨਿਰੀਖਣ ਸਕੂਲਾਂ ਦੀਆਂ ਵਿਜ਼ਟਰ ਬੁੱਕ ਵਿੱਚ ਦਰਜ਼ ਕੀਤੀਆਂ ਗਈਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਿਸ਼ਨ ਸਮਰੱਥ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਾ ਹੈ, ਜਿਸ ਲਈ ਸਕੂਲ ਪੱਧਰ ‘ਤੇ ਲਗਾਤਾਰ ਮਾਨੀਟਰਿੰਗ ਅਤੇ ਸੁਧਾਰ ਦੀ ਲੋੜ ਹੈ। ਟੀਮ ਨੇ ਕੁਝ ਸਕੂਲਾਂ ਵਿੱਚ ਚੰਗੇ ਅਭਿਆਸਾਂ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਹੋਰ ਸਕੂਲਾਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣ ਲਈ ਕਿਹਾ।












