ਸ੍ਰੀ ਆਨੰਦਪੁਰ ਸਾਹਿਬ 10 ਮਈ ,ਬੋਲੇ ਪੰਜਾਬ ਬਿਊਰੋ;
ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ ਦੀ ਅਗਵਾਈ ਹੇਠ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੂਬਾਈ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ। ਪੰਜਾਬ ਭਰ ਤੋਂ ਪੁੱਜੀਆਂ ਮਿੱਡ-ਡੇਅ ਮੀਲ ਵਰਕਰਾਂ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।…ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਿਮਲਾ ਰਾਣੀ ਫਾਜ਼ਿਲਕਾ ਦੀ ਅਗਵਾਈ ਹੇਠ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੂਬਾਈ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ। ਪੰਜਾਬ ਭਰ ਤੋਂ ਪੁੱਜੀਆਂ ਮਿੱਡ-ਡੇਅ ਮੀਲ ਵਰਕਰਾਂ ਨੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਮਿੱਡ-ਡੇਅ ਮੀਲ ਵਰਕਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰਕੇ 26 ਹਜ਼ਾਰ ਰੁਪਏ ਮਹੀਨਾ ਮਿਹਨਤਾਨਾ ਦਿੱਤਾ ਜਾਵੇ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਚੋਣਾਂ ਦੌਰਾਨ ਮਾਣ-ਭੱਤਾ ਦੁੱਗਣਾ ਕਰਨ ਦਾ ਕੀਤਾ ਵਾਅਦਾ ਹਾਲੇ ਤੱਕ ਪੂਰਾ ਨਹੀਂ ਕੀਤਾ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ।
ਯੂਨੀਅਨ ਵੱਲੋਂ ਸਾਲ ਵਿੱਚ ਦੋ ਵਰਦੀਆਂ ਦੇਣ, ਹਰ 25 ਬੱਚਿਆਂ ਪਿੱਛੇ ਇੱਕ ਵਾਧੂ ਵਰਕਰ ਦੀ ਨਿਯੁਕਤੀ ਕਰਨ, ਸਰਵਿਸ ਬੁੱਕਾਂ ਤਿਆਰ ਕਰਨ ਅਤੇ ਸ਼ਨਾਖਤੀ ਕਾਰਡ ਜਾਰੀ ਕਰਨ ਦੀ ਮੰਗ ਵੀ ਰੱਖੀ ਗਈ। ਇਸ ਤੋਂ ਇਲਾਵਾ ਵਰਕਰਾਂ ਨੇ ਬੈਂਕ ਖਾਤੇ ਖੁਲ੍ਹਵਾਉਣ ਦੇ ਨਾਂ ’ਤੇ ਹੋ ਰਹੀ ਖੱਜਲ-ਖੁਆਰੀ ਬੰਦ ਕਰਨ ਅਤੇ ਮਹਿਲਾ ਮੁਲਾਜ਼ਮਾਂ ਵਾਂਗ ਛੁੱਟੀਆਂ ਦੀ ਸਹੂਲਤ ਦੇਣ ਦੀ ਮੰਗ ਕੀਤੀ। ਇਸ ਮੌਕੇ ਜਨਰਲ ਸਕੱਤਰ ਕਮਲਜੀਤ ਕੌਰ, ਪਰਵੀਨ ਬਾਲਾ ਫ਼ਤਹਿਗੜ੍ਹ ਸਾਹਿਬ, ਇਕਬਾਲ ਕੌਰ ਪਟਿਆਲਾ, ਆਸ਼ਾ ਰਾਣੀ ਹੁਸ਼ਿਆਰਪੁਰ, ਕਮਲੇਸ਼ ਕੌਰ ਰੋਪੜ, ਮਮਤਾ ਸੈਦਪੁਰ ਕਪੂਰਥਲਾ, ਕਰਮਜੀਤ ਰਾਏਸਰ ਬਰਨਾਲਾ, ਸਿਮਰਨਜੀਤ ਪਾਸਲਾ ਜਲੰਧਰ, ਜਸਵੀਰ ਕੌਰ ਤਰਨ ਤਾਰਨ ਅਤੇ ਸੁਨੀਤਾ ਫ਼ਾਜ਼ਿਲਕਾ ਸਮੇਤ ਕਈ ਆਗੂ ਮੌਜੂਦ ਸਨ। ਇਸ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵੱਲੋਂ ਗੁਰਬਿੰਦਰ ਸਿੰਘ ਸਸਕੋਰ, ਦਰਸ਼ਨ ਸਿੰਘ ਬੜਵਾ ਅਤੇ ਜਸਵਿੰਦਰਪਾਲ ਕਾਂਗੜ ਨੇ ਵੀ ਸੰਬੋਧਨ ਕੀਤਾ।ਪ੍ਰਸ਼ਾਸਨ ਵੱਲੋਂ ਬੀ ਡੀ ਪੀ ਓ ਇਸ਼ਾਨ ਚੌਧਰੀ ਧਰਨੇ ਵਿੱਚ ਪੁੱਜੇ ਅਤੇ ਜਾਣਕਾਰੀ ਦਿੱਤੀ ਕਿ ਸਿੱਖਿਆ ਮੰਤਰੀ ਨਾਲ 20 ਮਈ ਨੂੰ ਪੰਜਾਬ ਭਵਨ ਚੰਡੀਗੜ੍ਹ ’ਚ ਮੀਟਿੰਗ ਤੈਅ ਕੀਤੀ ਗਈ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 2027 ਦੀਆਂ ਚੋਣਾਂ ਵਿੱਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।












