ਚੰਡੀਗੜ੍ਹ, 10 ਮਈ ,ਬੋਲੇ ਪੰਜਾਬ ਬਿਊਰੋ;
ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਦੌਲਤਪੁਰਾ ਪਿੰਡ ਦੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਸਾਹਮਣੇ ਹੈ। ਇਹ ਘਟਨਾ 8 ਮਈ ਦੀ ਹੈ ਅਤੇ ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ। ਰਣਜੀਤ ਲੋਨ ਦੇਣ ਦਾ ਕੰਮ ਕਰਦਾ ਸੀ ਅਤੇ ਕੁਝ ਲੋਕਾਂ ਨਾਲ ਉਸਦਾ ਝਗੜਾ ਹੋ ਗਿਆ ਸੀ। ਜਦੋਂ ਰਣਜੀਤ ਪੈਸੇ ਇਕੱਠੇ ਕਰਨ ਜਾ ਰਿਹਾ ਸੀ, ਉਸ ਸਮੇਂ ਉਸ ‘ਤੇ ਹਮਲਾ ਕੀਤਾ ਗਿਆ। ਉਸ ਦੇ ਸਿਰ ਦੇ ਪਿੱਛੇ ਪੁਆਇੰਟ ਬਲੈਂਕ ਰੇਂਜ ‘ਤੇ ਗੋਲੀ ਮਾਰ ਦਿੱਤੀ ਗਈ।
ਫਿਲੀਪੀਨਜ਼ ਪੁਲਿਸ ਦੇ ਅਨੁਸਾਰ, ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਬਦਮਾਸ਼ਾਂ ਨੇ ਅਚਾਨਕ ਉਸ ‘ਤੇ ਗੋਲੀਬਾਰੀ ਕਰ ਦਿੱਤੀ। ਇੱਕ ਗੋਲੀ ਉਸਨੂੰ ਬਹੁਤ ਨੇੜਿਓਂ ਮਾਰੀ ਗਈ, ਜੋ ਕਿ ਉਸਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਲੱਗੀ, ਜਿਸ ਨਾਲ ਉਸਦੀ ਤੁਰੰਤ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਰਣਜੀਤ ਆਪਣੇ ਪਰਿਵਾਰ ਸਮੇਤ ਮਨੀਲਾ ਵਿੱਚ ਰਹਿੰਦਾ ਸੀ। ਪਰਿਵਾਰ ‘ਚ ਉਸਦਾ ਵੱਡਾ ਭਰਾ, ਪਤਨੀ, ਪੁੱਤਰ ਅਤੇ ਧੀ ਸ਼ਾਮਲ ਸਨ। ਰਣਜੀਤ ਸਿੰਘ ਆਪਣੇ ਪਿੱਛੇ ਪਤਨੀ, 8 ਸਾਲ ਦੀ ਧੀ ਅਤੇ 4 ਸਾਲ ਦਾ ਪੁੱਤਰ ਛੱਡ ਗਿਆ ਹੈ। ਰਣਜੀਤ ਸਿੰਘ ਦੀ ਉਮਰ ਲਗਭਗ 40 ਸਾਲ ਸੀ। ਉਹ ਕਈ ਸਾਲ ਪਹਿਲਾਂ ਮਨੀਲਾ ਗਿਆ ਸੀ। ਉੱਥੇ ਉਹ ਆਪਣੇ ਵੱਡੇ ਭਰਾ ਨਾਲ ਲੋਨ ਦੇਣ ਦਾ ਕੰਮ ਕਰ ਰਿਹਾ ਸੀ।
ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਜਾਂਚ ਦੌਰਾਨ, ਪੁਲਿਸ ਨੂੰ ਮੌਕੇ ਤੋਂ ਪੰਜ ਗੋਲੀਆਂ ਦੇ ਖੋਲ ਮਿਲੇ ਹਨ। ਹਮਲਾਵਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ।












