ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਮਈ ,ਬੋਲੇ ਪੰਜਾਬ ਬਿਊਰੋ:
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫ਼ੁੱਲਿਤ ਕਰਨ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਪੁਸਤਕ ਮੈਚਿੰਗ ਗ੍ਰਾਂਟ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਇਸ ਸਕੀਮ ਤਹਿਤ ਜ਼ਿਲ੍ਹੇ ਦੀਆਂ ਸਮੂਹ ਪੇਂਡੂ ਲਾਇਬ੍ਰੇਰੀਆਂ, ਸਰਕਾਰੀ ਅਤੇ ਗ਼ੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ਨੂੰ ਮਿਆਰੀ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਗ੍ਰਾਂਟ ਦੀ ਖ਼ਾਸੀਅਤ ਇਹ ਹੈ ਕਿ ਕੋਈ ਸੰਸਥਾ ਭਾਸ਼ਾ ਵਿਭਾਗ ਤੋਂ ਜਿੰਨੇ ਮੁੱਲ ਦੀਆਂ ਪੁਸਤਕਾਂ ਖ਼ਰੀਦੇਗੀ, ਉਨੇ ਹੀ ਮੁੱਲ ਦੀਆਂ ਵਾਧੂ ਕਿਤਾਬਾਂ ਵਿਭਾਗ ਵੱਲੋਂ ਮੈਚਿੰਗ ਗ੍ਰਾਂਟ ਅਧੀਨ ਬਿਲਕੁਲ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ।
ਸਕੀਮ ਦਾ ਲਾਭ ਲੈਣ ਦੀ ਪ੍ਰਕਿਰਿਆ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਦੱਸਿਆ ਕਿ ਪੁਸਤਕਾਂ ਪ੍ਰਾਪਤ ਕਰਨ ਲਈ ਚਾਹਵਾਨ ਪੇਂਡੂ ਲਾਇਬ੍ਰੇਰੀਆਂ ਪਿੰਡ ਦੇ ਸਰਪੰਚ ਤੋਂ ਤਸਦੀਕਸ਼ੁਦਾ ਬਿਨੈ-ਪੱਤਰ ਦੇ ਸਕਦੀਆਂ ਹਨ ਅਤੇ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਦੇ ਮੁਖੀ ਆਪਣੀ ਅਧਿਕਾਰਤ ਮੋਹਰ ਅਤੇ ਹਸਤਾਖਰਾਂ ਸਮੇਤ ਲੈਟਰ-ਪੈਡ ‘ਤੇ ਬਿਨੈ-ਪੱਤਰ ਦੇ ਸਕਦੇ ਹਨ। ਇਨ੍ਹਾਂ ਪੁਸਤਕਾਂ ਨੂੰ ਖ਼ਰੀਦਣ ਅਤੇ ਸਕੀਮ ਸਬੰਧੀ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ, ਡੀ.ਸੀ. ਕੰਪਲੈਕਸ, ਕਮਰਾ ਨੰਬਰ 518 (ਏ), ਚੌਥੀ ਮੰਜ਼ਿਲ, ਸੈਕਟਰ-76, ਮੋਹਾਲੀ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।











