ਮੋਹਾਲੀ,18, ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ) ;
ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਮਲਾਗਰ ਸਿੰਘ ਖਮਾਣੋ ,ਸੁਖਨੰਦਨ ਸਿੰਘ ਮੈਣੀਆ,ਮਨਜੀਤ ਸਿੰਘ ਸੰਗਤਪੁਰਾ ,ਦਵਿੰਦਰ ਸਿੰਘ ਨਾਭਾ, ਸਰਬਜੀਤ ਸਿੰਘ ਭੁੱਲਰ, ਜਸਵਿੰਦਰ ਸਿੰਘ ਬਠਿੰਡਾ, ਬਿੱਕਰ ਸਿੰਘ ਮਾਖਾ ਨੇ ਦੱਸਿਆ ਕਿ ਅੱਜ 18 ਮਈ 2011 ਦੇ ਇਤਿਹਾਸਕ ਦਿਨ ਨੂੰ ਯਾਦ ਕਰਦਿਆਂ ਦੱਸਿਆ ਕਿ ਇਸ ਦਿਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਸਾਲਾਂ ਤੋਂ ਕੰਮ ਕਰ ਰਹੇ 3511 ਮਸਟਰੋਲ ਕਾਮਿਆਂ ਨੂੰ ਪੰਜਾਬ ਸਰਕਾਰ ਵੱਲੋਂ ਰੈਗੂਲਰ ਕੀਤਾ ਗਿਆ ਸੀ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਦੱਸਿਆ ਕਿ ਇਹ ਫੈਸਲਾ ਮੁਲਾਜ਼ਮਾਂ ਦੇ ਲੰਮੇ ਸੰਘਰਸ਼ ਅਤੇ ਕੁਰਬਾਨੀਆਂ ਦਾ ਨਤੀਜਾ ਸੀ। ਮਸਟਰੋਲ ਤੇ ਕੰਮ ਕਰਦੇ ਇਹ ਕਾਮੇ ਦਹਾਕਿਆਂ ਤੋਂ ਨਿਗੂਣੀਆਂ ਉਜਰਤਾਂ ਤੇ ਬਿਨਾਂ ਕਿਸੇ ਸੇਵਾ ਸੁਰੱਖਿਆ ਦੇ ਵਿਭਾਗ ਦੀ ਸੇਵਾ ਕਰ ਰਹੇ ਸਨ।

18 ਮਈ 2011 ਨੂੰ ਹੋਏ ਇਸ ਫੈਸਲੇ ਨਾਲ ਨਾ ਸਿਰਫ 3511 ਪਰਿਵਾਰਾਂ ਨੂੰ ਰੁਜ਼ਗਾਰ ਦੀ ਸੁਰੱਖਿਆ ਮਿਲੀ, ਸਗੋਂ ਉਨ੍ਹਾਂ ਨੂੰ ਪੂਰੇ ਭੱਤੇ, ਪੈਨਸ਼ਨਰੀ ਲਾਭ ਅਤੇ ਸਮਾਜਿਕ ਸੁਰੱਖਿਆ ਵੀ ਪ੍ਰਾਪਤ ਹੋਈ। ਅੱਜ 15 ਸਾਲ ਬੀਤ ਜਾਣ ਬਾਅਦ ਵੀ ਵਿਭਾਗ ਵਿੱਚ ਹਜ਼ਾਰਾਂ ਇਨਲਿਸਟਮੈਂਟ ਤੇ ਆਊਟਸੋਰਸਿੰਗ ਕਾਮੇ ਉਸੇ ਤਰ੍ਹਾਂ ਰੈਗੂਲਰ ਹੋਣ ਦੀ ਉਡੀਕ ਕਰ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ 2011 ਵਿੱਚ 3511 ਕਾਮਿਆਂ ਨੂੰ ਰੈਗੂਲਰ ਕੀਤਾ ਗਿਆ ਸੀ, ਉਸੇ ਨੀਤੀ ਤਹਿਤ ਹੁਣ ਕੰਮ ਕਰ ਰਹੇ ਸਮੂਹ ਇਨਲਿਸਟਮੈਂਟ ਤੇ ਆਊਟਸੋਰਸ ਕਾਮਿਆਂ ਨੂੰ ਵੀ ਤੁਰੰਤ ਰੈਗੂਲਰ ਕੀਤਾ ਜਾਵੇ।
ਇਨ੍ਹਾਂ ਕਿਹਾ, “18 ਮਈ 2011 ਦਾ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਕਾਮੇਂ ਸਾਂਝੇ ਸੰਘਰਸ਼ਾਂ ਰਾਹੀਂ ਸਹੀ ਦਿਸ਼ਾ ਵਿੱਚ ਅੱਗੇ ਵਧਦੇ ਹਨ ਤਾਂ ਸਰਕਾਰਾਂ ਨੂੰ ਇਨਸਾਫ ਦੇਣਾ ਪੈਂਦਾ ਹੈ ਅੱਜ ਵੀ ਹਜ਼ਾਰਾਂ ਕਾਮੇ ਉਸੇ ਇਨਸਾਫ ਦੀ ਉਡੀਕ ਚ ਹਨ। ਜਿਵੇਂ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਆਉਟਸੋਰਸ ਕਾਮਿਆਂ ਨੂੰ ਵਿਭਾਗ ਅਧੀਨ ਲਿਆ ਹੈ, ਉਸੇ ਤਰਜ਼ ਤੇ ਜਲ ਸਪਲਾਈ ਵਿਭਾਗ ਵੀ ਫੈਸਲਾ ਲਵੇ।”












