ਹੜ੍ਹ ਤੇ ਮੂਰਖਾਂ ਦੀ ਭੀੜ!

ਸਾਹਿਤ

ਹੜ੍ਹ ਤੇ ਮੂਰਖਾਂ ਦੀ ਭੀੜ!

ਭਾਰਤ ਦੀ ਰਾਜਨੀਤੀ ਵਿੱਚ ਇਸ ਸਮੇਂ ਖ਼ਲਾਅ ਪੈਦਾ ਹੋ ਗਿਆ ਹੈ। ਭਾਵੇਂ ਭਾਜਪਾ ਆਪਣੀ ਪਕੜ ਮਜ਼ਬੂਤ ਕਰਨ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ। ਉਸਦੀ ਆਪਣੇ ਹੱਥਾਂ ਨਾਲ ਦਿੱਤੀਆਂ ਗੰਢਾਂ ਖੋਲ੍ਹਣ ਲਈ ਉਹਨਾਂ ਨੂੰ ਔਖਾ ਹੋ ਗਿਆ ਹੈ। ਉਹਨਾਂ ਦੇ ਭੌਕੜਾਂ ਵਲੋਂ ਬੇੜੀਆਂ ਵਿੱਚ ਵੱਟੇ ਪਾਉਣ ਦੀ ਕੋਈ ਰੜਕ ਨਹੀਂ ਛੱਡੀ ਜਾ ਰਹੀ। ਦੂਜੇ ਪਾਸੇ ਇੰਡੀਆ ਗੱਠਜੋੜ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਹਥਿਆਉਣ ਲਈ ਵਧੇਰੇ ਸਰਗਰਮ ਹਨ ਜਦਕਿ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਉਹਨਾਂ ਗ਼ੈਰ ਸੁਹਿਰਦਤਾ ਨਜ਼ਰ ਆਉਂਦੀ ਹੈ।
ਸਰਮਾਏਦਾਰੀ ਨੇ ਭਾਜਪਾ ਤੇ ਆਰਐਸਐਸ ਨਾਲ਼ ਮਿਲ਼ ਕੇ ਨਵਾਂ ਸ਼ੁਗੂਫ਼ਾ ਛੱਡਿਆ ਹੈ। ਕਾਕਰੋਚ ਜਨਤਾ ਪਾਰਟੀ। ਇਸ ਦੇ ਕਰੋੜਾਂ ਲੋਕ ਮੈਂਬਰ ਬਣ ਗਏ ਹਨ। ਭਾਰਤ ਸਰਕਾਰ ਨੇ ਇਸ ਸੋਸ਼ਲ ਮੀਡੀਆ ਪਾਰਟੀ ਉਪਰ ਬੈਨ ਲਗਾ ਦਿੱਤਾ ਹੈ। ਇਸ ਉਪਰ ਲੱਗੇ ਬੈਨ ਦਾ ਉਸ ਤਰ੍ਹਾਂ ਵਿਰੋਧ ਨਹੀਂ ਹੋਇਆ ਜਿਵੇਂ ਕਾਕਰੋਚ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵੇਲੇ ਉਛਾਲਾ ਆਇਆ ਸੀ। ਸਿਆਣੇ ਤੇ ਸਮਝਦਾਰ ਲੋਕਾਂ ਨੂੰ ਇਸ ਕਾਕਰੋਚ ਜਨਤਾ ਪਾਰਟੀ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ ਪਰ ਉਹ ਇਸ ਦੇ ਵਿਰੁੱਧ ਬੋਲਣ ਤੇ ਲਿਖਣ ਦੀ ਬਜਾਏ ਚੁੱਪ ਕਰ ਗਏ ਹਨ। ਉਹਨਾਂ ਦੀ ਇਹ ਚੁੱਪ ਬਹੁਤ ਖ਼ਤਰਨਾਕ ਹੈ।
ਲੋਕਤੰਤਰ ਵਿੱਚ ਜਿੰਨੇ ਭਰਾੜ ਪੈ ਗਏ ਹਨ, ਇਹਨਾਂ ਨੂੰ ਪੂਰਨਾ ਔਖਾ ਕੰਮ ਨਹੀਂ, ਸੁਹਿਰਦਤਾ ਦੀ ਲੋੜ ਹੈ। ਸਮਾਜ ਵਿੱਚ ਸੁਹਿਰਦ ਬੰਦਿਆਂ ਦੀ ਘਾਟ ਲਗਾਤਾਰ ਵਧਦੀ ਜਾ ਰਹੀ ਹੈ। ਦੂਜੇ ਪਾਸੇ ਗ਼ੈਰ ਸੁਹਿਰਦਾਂ ਦੀ ਭੀੜ ਵਧਦੀ ਜਾ ਰਹੀ ਹੈ। ਇਸ ਭੀੜ ਨੂੰ ਮੂਰਖਾਂ ਦੀ ਭੀੜ ਕਹਿਣ ਦਾ ਮਤਲਬ, ਆ ਬੈਲ ਮੁੱਝੇ ਮਾਰ।
ਇਸ ਬਾਰੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਵਰਿਆਮ ਸੰਧੂ ਨੇ ਕੁੱਝ ਇਤਹਾਸਕ ਹਵਾਲਿਆਂ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਉਹਨਾਂ ਵਲੋਂ ਹੇਠ ਲਿਖੇ ਤੱਥਾਂ ਨੂੰ ਤਰਕਸੰਗਤ ਬਣਾਉਣ ਦੀ ਲੋੜ ਹੈ।
ਬੁੱਧ ਸਿੰਘ ਨੀਲੋਂ
$$$$$$$$$$$$$$ ਧੰਨਵਾਦ ਸਹਿਤ ਵਰਿਆਮ ਸੰਧੂ ਦੀ ਕੰਧ ਤੋਂ ਕਾਪੀ ਕੀਤਾ।$$$$$$$$$$

100 ਵਿੱਚੋਂ ਅਸਲ ਬੰਦਾ ਇੱਕੋ ਹੁੰਦਾ, ਬਾਕੀ 66 ਮੂਰਖ਼ ਤੇ 33 ਗੁੰਡੇ ਹੁੰਦੇ ਹਨ।

ਕਦੀ ਅੰਨਾਂ ਹਜ਼ਾਰੇ, ਕਦੀ ਆਮ ਆਦਮੀ ਪਾਰਟੀ, ਕਦੀ ਦੀਪ ਸਿੱਧੂ, ਕਦੀ ਅੰਮ੍ਰਿਤਪਾਲ ਤੇ ਹੁਣ ਕਾਕਰੋਚ ਪਾਰਟੀ ਨੂੰ ਹੇਠ ਲਿਖੇ ਪ੍ਰਸੰਗ ਦੇ ਹਵਾਲੇ ਨਾਲ ਸਮਝਣ ਦੀ ਲੋੜ ਸੀ/ਹੈ
ਇਤਿਹਾਸਕਾਰ ਨਰਾਇਣ ਸਿੰਘ ਨੇ ਆਪਣੀ ਕਿਸੇ ਪੁਸਤਕ ਵਿੱਚ (ਇਸ ਵੇਲੇ ਕਿਤਾਬ ਦਾ ਨਾਂ ਯਾਦ ਨਹੀਂ ਆ ਰਿਹਾ) ਲੈਨਿਨ ਦੇ ਹਵਾਲੇ ਨਾਲ ਲਿਖਿਆ ਸੀ ਕਿ ਜਦੋਂ ਕੋਈ ਨਵੀਂ ਲਹਿਰ, ਪਾਰਟੀ ਉੱਠਦੀ ਹੈ ਤਾਂ ਉਹਦਾ ਉਭਾਰ ਵੇਖ ਕੇ ਵੱਡੀ ਗਿਣਤੀ ਵਿਚ ਲੋਕ ਉਸ ਵੱਲ ਆਕਰਸ਼ਿਤ ਹੁੰਦੇ ਹਨ। ਉਹਨਾਂ ਵਿਚੋਂ ਵੱਡੀ ਗਿਣਤੀ ਮੂਰਖ਼ਾਂ ਦੀ ਹੁੰਦੀ ਹੈ, ਕਿਉਂਕਿ ਉਹਨਾਂ ਕੋਲ ਆਪਣਾ ਵਿਯਨ ਜਾਂ ਨਜ਼ਰੀਆ ਨਹੀਂ ਹੁੰਦਾ। ਉਹ ਵੇਖੋ ਵੇਖੀ ਭੇਡ-ਚਾਲ ਵਿੱਚ ਚੱਲਣ ਵਾਲੇ ਹੁੰਦੇ ਨੇ। ਉਹਨਾਂ ਕੋਲ ਬਾਰੀਕ ਨਜ਼ਰ ਨਹੀਂ ਹੁੰਦੀ ਕਿ ਲਹਿਰ ਜਾਂ ਪਾਰਟੀ ਦਾ ਅੰਦਰੂਨੀ ਮਕਸਦ ਸਮਝ ਸਕਣ। ਉਹਨਾਂ ਤਾਂ ਮਗਰ ਲੱਗਣਾ ਹੁੰਦਾ ਹੈ, ਭਾਵੇਂ ਕੋਈ ਵੀ ਕਾਲਾ ਚੋਰ ਉਹਨਾਂ ਨੂੰ ਲਲਕਾਰ ਕੇ, ਭਰਮਾ ਕੇ ਆਪਣੇ ਮਗਰ ਲਾ ਲਵੇ। ਇਹਨਾਂ ਦੀ ਪ੍ਰਤੀਸ਼ਤ ਉਹਨੇ 60% ਦੱਸੀ ਸੀ।
ਦੂਜਾ ਉਹਨਾਂ ਕਿਹਾ ਕਿ 60% ਮੂਰਖ਼ਾਂ ਤੇ ਭੇਡਾਂ ਦੇ ਇਲਾਵਾ ਮੁਨਾਸਬ ਮੌਕਾ ਜਾਣ ਕੇ 33% ਗੁੰਡੇ, ਬਦਮਾਸ਼, ਧਾਕੜ ਤੇ ਮੀਸਣੇ ਲੋਕ ਨਵੀਂ ਲਹਿਰ ਜਾਂ ਪਾਰਟੀ ਵਿੱਚ ਅੱਗੇ ਹੋ ਕੇ ਫ਼ਾਇਦਾ ਲੈਣ ਲਈ ਇਸ ਪਾਸੇ ਭੱਜੇ ਆਉਂਦੇ ਹਨ।
ਇੰਝ ਉਹ ਨਿਰਣਾ ਦੇਂਦੇ ਹਨ ਕਿ ਕਿਸੇ ਨਵੀਂ ਲਹਿਰ ਵਿਚ ਜੇ ਔਸਤਨ 100 ਬੰਦੇ ਜੁੜਦੇ ਨੇ ਤਾਂ ਉਹਨਾਂ ਵਿੱਚੋਂ ਕੇਵਲ ਇੱਕ ਹੀ ਅਸਲੀ ਬੰਦਾ ਹੁੰਦਾ ਹੈ। ਬਾਕੀ 99 ਵਿਚੋਂ 66 ਮੂਰਖ਼ ਤੇ 33 ਗੁੰਡੇ ਹੁੰਦੇ ਨੇ।
ਤੇ ਨਰਾਇਣ ਸਿੰਘ ਨੇ ਇਹ ਗੱਲ ਆਪਣੇ ਕੋਲੋਂ ਨਹੀਂ ਸੀ ਲਿਖੀ। ਉਹਨੇ ਲੈਨਿਨ ਦੇ ਹਵਾਲੇ ਨਾਲ ਲਿਖਿਆ ਸੀ ਕਿ− 100 ਬਾਲਸ਼ਵਿਕਾਂ ਵਿੱਚੋਂ ਅਸਲੀ ਬਾਲਸ਼ਵਿਕ ਇੱਕ ਹੀ ਹੈ, ਬਾਕੀ 66 ਮੂਰਖ਼ ਤੇ 33 ਗੁੰਡੇ ਹਨ।
(ਮੈਨੂੰ ਪਤਾ ਹੈ ਕਿ ਮੇਰੀ ਗੱਲ ਬਹੁਤ ਸਾਰੇ ਸੁਪਨਸਾਜ਼ ਤੇ ਸ਼ਰਧਾਲੂ ਕਿਸਮ ਦੇ ਲੋਕਾਂ ਨੂੰ ਚੰਗੀ ਨਹੀਂ ਲੱਗਣੀ। ਪਰ ਮੇਰਾ ਗੱਲ ਕਹਿਣ ਬਿਨਾਂ ਵੀ ਸਰਦਾ ਨਹੀਂ ਜੀ!)
ਵਰਿਆਮ ਸਿੰਘ ਸੰਧੂ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।