ਮੁਹਾਲੀ 27 ਮਈ ,ਬੋਲੇ ਪੰਜਾਬ ਬਿਊਰੋ;
ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੀ ਮੀਟਿੰਗ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਟੀ.ਡੀ.ਆਈ ਬਿਲਡਰ ਵੱਲੋਂ ਗਮਾਡਾ/ਪੁੱਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਇਨ੍ਹਾਂ ਸੈਕਟਰਾਂ ਵਿੱਚ ਜੋ ਬੇਨਿਯਮੀਆਂ ਕੀਤੀਆਂ ਗਈਆਂ ਹਨ, ਉਨ੍ਹਾ ਸਬੰਧੀ ਈ.ਡੀ. ਦੇ ਡਾਇਰੈਕਟਰ ਨੂੰ ਪੱਤਰ ਲਿੱਖ ਕੇ ਇਨ੍ਹਾ ਬੇਨਿਯਮੀਆਂ ਸਬੰਧੀ ਪੜਤਾਲ ਦੀ ਮੰਗ ਕੀਤੀ ਜਾਵੇ। ਈ.ਡੀ. ਦੇ ਡਾਇਰੈਟਕਰ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਗਈ ਹੈ ਕਿ ਹੋਰਨਾਂ ਬਿਲਡਰਾਂ ਵਾਂਗ ਟੀ.ਡੀ.ਆਈ ਬਿਲਡਰ ਵੱਲੋਂ ਲੋਕਾਂ ਅਤੇ ਸਰਕਾਰ ਨਾਲ ਕੀਤੀਆਂ ਧੋਖਾਧੜੀਆਂ ਦੀ ਉੱਚ ਪੱਧਰੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਸੋਸਾਇਟੀ ਦੇ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਬਿਲਡਰ ਵੱਲੋਂ ਵੱਖ-ਵੱਖ ਸਮੇਂ ਤੇ ਇਨ੍ਹਾਂ ਸੈਕਟਰਾਂ ਦੇ ਲੇਅ-ਆਊਟ ਪਲਾਨ ਵਿੱਚ 459 ਪਲਾਟਾਂ ਦੀ ਥਾਂ ਲੱਗਭੱਗ 1377 ਫਲੈਟ ਬਣਾ ਕੇ ਫਲੌਰ ਵਾਈਜ਼ ਵੇਚੇ ਗਏ। ਇਸ ਖੇਤਰ ਵਿੱਚ ਪਾਰਕਿੰਗ ਦੀ ਜਗ੍ਹਾ ਵੀ ਪਾਲਿਸੀ ਅਨੁਸਾਰ ਨਹੀ ਛੱਡੀ ਗਈ ਅਤੇ ਨਾ ਹੀ ਗਰੁੱਪ ਹਾਊਸਿੰਗ ਸਕੀਮ ਅਨੁਸਾਰ ਸਰਕਾਰ ਨੂੰ ਫੀਸ ਦਿੱਤੀ ਗਈ ਹੈ। ਇਨ੍ਹਾਂ ਸੈਕਟਰਾਂ ਵਿੱਚ ਕੁੱਝ ਖੇਤਰ ਅਜਿਹਾ ਵੀ ਹੈ, ਜਿਸ ਖੇਤਰ ਦੀ ਮਲਕੀਅਤ ਨਾ ਹੋਣ ਦੇ ਬਾਵਜੂਦ ਵੀ ਇਸ ਬਿਲਡਰ ਨੇ ਸੀ.ਐਲ.ਯੂ. ਪ੍ਰਾਪਤ ਕੀਤੀ ਹੋਇਆ ਹੈ। ਸੈਕਟਰ 110 ਵਿੱਚ ਹਾਈ ਸਕੂਲ ਸਾਈਟ ਵੀ ਗਮਾਡਾ/ਪੁੱਡਾ ਦੇ ਅਧਿਕਾਰੀਆਂ ਨਾਲ ਮਿਲੀ-ਭੁਗਤ ਕਰਕੇ 66ਖੜ ਲਾਈਨ ਦੇ ਬਿਲਕੁੱਲ ਥੱਲੇ ਪਾਸ ਕਰਵਾ ਲਈ ਗਈ ਹੈ, ਜੋ ਕਿ ਸੀ.ਬੀ.ਐਸ.ਈ. ਬੋਰਡ ਦੀਆਂ ਹਦਾਇਤਾਂ ਅਨੁਸਾਰ ਪਾਸ ਨਹੀ ਸੀ ਹੋ ਸਕਦੀ। ਸਾਲ 2009 ਵਿੱਚ ਪਾਸ ਕਰਵਾਏ ਗਏ ਕਮਿਊਨਿਟੀ ਸੈਂਟਰ ਦੀ ਜਗ੍ਹਾ ਵਿੱਚ ਸਾਲ 2015 ਵਿੱਚ ਕਲੱਬ ਪਾਸ ਕਰਵਾ ਲਿਆ ਗਿਆ ਹੈ। ਸਾਲ 2009 ਤੋਂ 2015 ਤੱਕ ਕਲੱਬ ਦੀ ਸਾਈਟ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਤੋਂ ਕਲੱਬ ਦੀ ਮੈਂਬਰਸ਼ਿਪ ਦੇ ਤੌਰ ਤੇ ਪ੍ਰਤੀ ਮੈਂਬਰ 50,000/- ਰੁਪਏ ਇਕੱਤਰ ਕੀਤੇ ਗਏ ਹਨ। ਕਲੱਬ ਪਾਸ ਕਰਨ ਵੇਲੇ ਗਮਾਡਾ ਦੇ ਕਰਮਚਾਰੀਆਂ ਵੱਲੋਂ ਨਕਸ਼ੇ ਵਿੱਚ ਵੀ ਜਾਅਲਸ਼ਾਜੀ ਕੀਤੀ ਹੋਈ ਹੈ ਪਰ ਕਿਸੇ ਵੀ ਕਰਮਚਾਰੀ ਵਿਰੁੱਧ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ। ਸੈਕਟਰ 111 ਵਿੱਚ ਦੀ ਲੰਘਦੇ ਲਖਨੌਰ ਚੋਅ ਦੇ ਆਲੇ-ਦੁਆਲੇ ਜਲ ਨਿਕਾਸੀ ਅਤੇ ਸਿੰਜਾਈ ਵਿਭਾਗ ਦੇ ਨਿਯਮਾਂ ਅਨੁਸਾਰ ਜਗ੍ਹਾ ਨਹੀ ਛੱਡੀ ਗਈ, ਬਿਲਡਰ ਵੱਲੋਂ ਇਹ ਗਮਾਡਾ ਅਤੇ ਪੁੱਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਗਲਤ ਲੇਅ-ਆਊਟ ਪਲਾਨ ਪਾਸ ਕਰਵਾਇਆ ਗਿਆ ਹੈ। ਇਸ ਬਿਲਡਰ ਵੱਲੋਂ ਸਾਲ 2015 ਵਿੱਚ ਅਨੇਕਾਂ ਹੀ ਖਾਮੀਆਂ ਹੋਣ ਦੇ ਬਾਵਜੂਦ ਗਮਾਡਾ/ਪੁੱਡਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮਿਲ ਕੇ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਲਿਆ ਗਿਆ ਹੈ। ਜਿਸ ਨੂੰ ਰੈਜੀਡੈਂਸ ਵੈਲਫੇਅਰ ਸੋਸਾਇਟੀ ਵੱਲੋਂ ਚੈਲਿਜ਼ ਕੀਤਾ ਗਿਆ ਪਰ ਗਮਾਡਾ ਅਤੇ ਪੁੱਡਾ ਦੇ ਅਧਿਕਾਰੀਆਂ ਵੱਲੋਂ ਸਬੰਧਤ ਫਾਈਲ ਹੀ ਗੁੰਮ ਕਰ ਦਿੱਤੀ ਗਈ ਹੈ। ਗਮਾਡਾ/ਪੁੱਡਾ ਦੇ ਦਫਤਰ ਵਿੱਚ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਜਦੋਂ ਇਨ੍ਹਾਂ ਦੇ ਕਰਮਚਾਰੀ ਜਾਂ ਅਧਿਕਾਰੀ ਕਿਸੇ ਕੇਸ ਵਿੱਚ ਫਸਦੇ ਹੋਏ ਨਜ਼ਰ ਆਉਣ ਤਾਂ ਇਹ ਫਾਈਲਾਂ ਹੀ ਗੁੰਮ ਕਰ ਦਿੰਦੇ ਹਨ, ਇਹ ਵਰਤਾਰਾ ਇਸ ਦਫਤਰ ਵਿੱਚ ਆਮ ਹੀ ਚੱਲਦਾ ਹੈ। ਇਸੇ ਤਰ੍ਹਾ ਸੈਕਟਰ 111 ਵਿੱਚ ਸਾਲਿਡ ਬੇਸਟ ਮੈਨੇਜ਼ਮੈਂਟ ਦੀ ਸਾਈਟ ਵੀ ਵਸੋਂ ਵਾਲੇ ਏਰੀਏ ਦੇ ਨੇੜੇ ਪਾਸ ਕੀਤੀ ਗਈ ਹੈ ਜੋ ਕਿ ਪਾਲਿਸੀ ਅਨੁਸਾਰ ਠੀਕ ਨਹੀ ਹੈ।
ਆਗੂਆ ਨੇ ਦੱਸਿਆ ਕਿ ਗਮਾਡਾ/ਪੁੱਡਾ ਦਾ ਇਹ ਮੁੱਖ ਦਫਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ, ਇਸ ਲਈ ਈ.ਡੀ. ਦੇ ਡਾਇਰੈਕਟਰ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਗਈ ਹੈ ਕਿ ਗਮਾਡਾ/ਪੁੱਡਾ ਦੇ ਸਬੰਧਤ ਅਧਿਕਾਰੀਆਂ ਅਤੇ ਬਿਲਡਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ।












