ਨਵੀਂ ਦਿੱਲੀ 27 ਮਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਗਾਤਾਰ ਟਾਲਣ ਦੇ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਡੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਕੌਮੀ ਬੁਲਾਰੇ ਗੁਰਮੀਤ ਸਿੰਘ ਸ਼ੰਟੀ ਨੇ ਮੌਜੂਦਾ ਕਮੇਟੀ ਪ੍ਰਬੰਧਕਾਂ, ਕੁਝ ਸਿਆਸੀ ਆਗੂਆਂ ਅਤੇ ਸਰਕਾਰੀ ਦਖਲਅੰਦਾਜ਼ੀ ’ਤੇ ਮੀਡੀਆ ਨਾਲ ਕੀਤੀ ਗਈ ਕਾਨਫਰੰਸ ਦੌਰਾਨ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਤੋਂ ਭੱਜ ਰਹੀ ਟੋਲੀ ਹੁਣ ਆਪਣੀ ਕੁਰਸੀ ਬਚਾਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਾਈ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਐਡਿਸ਼ਨਲ ਸੋਲਿਸਟਰ ਜਨਰਲ ਚੇਤਨ ਸ਼ਰਮਾ ਦੀ ਪੇਸ਼ੀ ਕਈ ਸਵਾਲ ਖੜ੍ਹੇ ਕਰਦੀ ਹੈ, ਜਦਕਿ ਕੇਂਦਰ ਅਤੇ ਦਿੱਲੀ ਸਰਕਾਰ ਇਸ ਮਾਮਲੇ ਵਿੱਚ ਸਿੱਧੀ ਧਿਰ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਪ੍ਰਤੀਤ ਹੁੰਦਾ ਹੈ ਕਿ ਸਰਕਾਰੀ ਤਾਕਤ ਦਾ ਇਸਤੇਮਾਲ ਕਰਕੇ ਚੋਣਾਂ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕ ਨਿੱਜੀ ਲਾਭਾਂ ਲਈ ਕੌਮ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ। ਸ਼ੰਟੀ ਨੇ ਕਿਹਾ ਕਿ ਇੰਦਰਮੋਹਨ ਸਿੰਘ ਕਮੇਟੀ ਵੱਲੋਂ ਮਿਲੀਆਂ ਸਹੂਲਤਾਂ, ਕਾਰ ਅਤੇ ਕੁਰਸੀ ਦੀ ਖਾਤਿਰ ਕੌਮ ਨਾਲ ਦਗਾ ਕਰ ਰਹੇ ਹਨ ਅਤੇ ਉਹਨਾਂ ਤਾਕਤਾਂ ਦਾ ਸਾਥ ਦੇ ਰਹੇ ਹਨ ਜੋ ਚੋਣਾਂ ਨਹੀਂ ਹੋਣ ਦੇਣਾ ਚਾਹੁੰਦੀਆਂ। ਉਨ੍ਹਾਂ ਇਹ ਵੀ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਵੀ ਪਰਦੇ ਪਿੱਛੇ ਦਿੱਲੀ ਕਮੇਟੀ ਚੋਣਾਂ ਟਲਵਾਉਣ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਸਰਨਾ ਨੇ ਦੋਸ਼ ਲਾਇਆ ਕਿ ਜਿਨ੍ਹਾਂ ਲੋਕਾਂ ਦਾ ਕਾਰਜਕਾਲ ਕਾਫ਼ੀ ਪਹਿਲਾਂ ਖਤਮ ਹੋ ਚੁੱਕਾ ਹੈ, ਉਹ ਹੁਣ ਲੋਕਾਂ ਦੇ ਫ਼ੈਸਲੇ ਤੋਂ ਡਰ ਕੇ ਅਦਾਲਤੀ ਅਤੇ ਪ੍ਰਸ਼ਾਸਨਿਕ ਬਹਾਨਿਆਂ ਦੇ ਪਿੱਛੇ ਲੁਕ ਰਹੇ ਹਨ। ਇਸ ਮੌਕੇ ਗੁਰਮੀਤ ਸਿੰਘ ਸ਼ੰਟੀ ਨੇ ਬੀਤੇ ਦਿਨੀਂ ਅਦਾਲਤੀ ਕਾਰਵਾਈ ਬਾਰੇ ਦਸਿਆ ਕਿ ਡਾਇਰੈਕਟਰ ਗੁਰਦੁਆਰਾ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਤੱਕ ਕੇਵਲ 1 ਲੱਖ 65 ਹਜ਼ਾਰ 404 ਅਰਜ਼ੀਆਂ ਹੀ ਪ੍ਰਾਪਤ ਹੋਈਆਂ ਹਨ, ਜਦਕਿ ਪਹਿਲਾਂ ਵੋਟਰਾਂ ਦੀ ਗਿਣਤੀ ਸਾਡੇ ਤਿੰਨ ਲੱਖ ਤੋਂ ਵੱਧ ਸੀ। ਗੁਰਮੀਤ ਸਿੰਘ ਸ਼ੰਟੀ ਵੱਲੋਂ ਕਮੇਟੀ ਅਤੇ ਸਰਕਾਰ ਦੀਆਂ ਦਲੀਲਾਂ ਦਾ ਤਿੱਖਾ ਵਿਰੋਧ ਕੀਤਾ ਗਿਆ। ਉਨ੍ਹਾਂ ਦੇ ਵਕੀਲ ਆਦਿਤਿਆ ਪੁਜਾਰੀ ਨੇ ਅਦਾਲਤ ਵਿੱਚ ਕਿਹਾ ਕਿ 28 ਫਰਵਰੀ ਤੱਕ ਵੀ ਇੰਨੀ ਹੀ ਅਰਜ਼ੀਆਂ ਸਨ, ਪਰ ਉਸ ਤੋਂ ਬਾਅਦ ਲਗਾਤਾਰ ਅਦਾਲਤ ਨੂੰ ਇਹ ਭਰੋਸਾ ਦਿਵਾਇਆ ਜਾਂਦਾ ਰਿਹਾ ਕਿ ਵੋਟਰ ਲਿਸਟ ਦੀ ਪ੍ਰਕਿਰਿਆ ਠੀਕ ਤਰੀਕੇ ਨਾਲ ਚੱਲ ਰਹੀ ਹੈ। ਹੁਣ ਅਚਾਨਕ ਵੋਟਰਾਂ ਦੀ ਘੱਟ ਗਿਣਤੀ ਦਾ ਹਵਾਲਾ ਦੇ ਕੇ ਚੋਣਾਂ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਅਤੇ ਮੌਜੂਦਾ ਦਿੱਲੀ ਕਮੇਟੀ ਨੂੰ ਸਿੱਖ ਵੋਟਰਾਂ ਦੀ ਗਿਣਤੀ ਦੀ ਇੰਨੀ ਹੀ ਚਿੰਤਾ ਸੀ ਤਾਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀ ਕਾਰਵਾਈ ਕੀਤੀ ਗਈ? ਉਨ੍ਹਾਂ ਕਿਹਾ ਕਿ ਫਰਵਰੀ ਦੇ ਤੀਜੇ ਹਫ਼ਤੇ ਵਿੱਚ ਹੀ ਹਾਈ ਕੋਰਟ ਵੋਟਰ ਲਿਸਟ ਦੀ ਪ੍ਰਕਿਰਿਆ ਪੂਰੀ ਕਰਨ ਦੇ ਹੁਕਮ ਦੇ ਚੁੱਕੀ ਸੀ, ਪਰ ਉਸ ਸਮੇਂ ਕਿਸੇ ਨੇ ਵੀ ਅਦਾਲਤ ਨੂੰ ਇਹ ਨਹੀਂ ਦੱਸਿਆ ਕਿ ਵੋਟਰ ਘੱਟ ਹਨ ਜਾਂ ਹੋਰ ਸਮਾਂ ਚਾਹੀਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਦੇ ਕੁਝ ਮੰਤਰੀ ਅਤੇ ਮੌਜੂਦਾ ਕਮੇਟੀ ਚੋਣਾਂ ਤੋਂ ਡਰ ਰਹੇ ਹਨ ਅਤੇ ਆਪਣੀ ਕੁਰਸੀ ਬਚਾਉਣ ਲਈ ਨਵੇਂ-ਨਵੇਂ ਬਹਾਨੇ ਲੱਭੇ ਜਾ ਰਹੇ ਹਨ। ਸਰਨਾ ਨੇ ਕਿਹਾ ਕਿ ਜੇ ਨੀਅਤ ਸਾਫ਼ ਹੁੰਦੀ ਤਾਂ ਵੋਟਰ ਲਿਸਟ ਅਤੇ ਡਿਲਿਮਿਟੇਸ਼ਨ ਦੇ ਮਸਲੇ ਕਾਫ਼ੀ ਪਹਿਲਾਂ ਹੱਲ ਹੋ ਸਕਦੇ ਸਨ। ਪਰ ਹੁਣ ਹਰ ਸੁਣਵਾਈ ’ਤੇ ਨਵਾਂ ਬਹਾਨਾ ਖੜ੍ਹਾ ਕਰਕੇ ਸਿੱਖ ਸੰਗਤ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਅੰਤ ਵਿਚ ਉਨ੍ਹਾਂ ਚੇਤਾਵਨੀ ਦਿੱਤੀ ਕਿ ਦਿੱਲੀ ਦੀ ਸੰਗਤ ਹੁਣ ਸਭ ਕੁਝ ਸਮਝ ਚੁੱਕੀ ਹੈ ਅਤੇ ਜੇ ਚੋਣਾਂ ਹੋਰ ਲਟਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਜਥੇਬੰਦੀਆਂ ਵੱਡਾ ਸੰਘਰਸ਼ ਛੇੜਣ ਲਈ ਮਜਬੂਰ ਹੋਣਗੀਆਂ। ਇਸ ਮੌਕੇ ਪਾਰਟੀ ਅਤੇ ਦਿੱਲੀ ਕਮੇਟੀ ਮੈਂਬਰ ਕਰਤਾਰ ਸਿੰਘ ਚਾਵਲਾ, ਪਰਮਜੀਤ ਸਿੰਘ ਖੁਰਾਣਾ ਅਤੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਸੋਨੂੰ ਵੀ ਹਾਜਿਰ ਸਨ।












