ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਬਦਤਮੀਜ਼ੀ ਕਰਨ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਚ ਰੋਸ ਪ੍ਰਦਰਸ਼ਨ; ਫੂਕਿਆ ਪੁਤਲਾ

ਪੰਜਾਬ

ਜ਼ੀਰਕਪੁਰ/ਡੇਰਾਬੱਸੀ 28 ਮਈ ,ਬੋਲੇ ਪੰਜਾਬ ਬਿਊਰੋ:

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਕੁਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ ਅਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਡੇਰਾਬੱਸੀ ਵੱਲੋਂ ਅੱਜ ਸਾਂਝੇ ਤੌਰ ਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਬੀਜੇਪੀ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੀਰਕਪੁਰ ਵਿਖੇ ਇੱਕ ਬਹੁਤ ਹੀ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਗੁੱਸੇ ਵਿੱਚ ਆਏ ਕਿਸਾਨਾਂ, ਮਜ਼ਦੂਰਾਂ ਅਤੇ ਆਗੂਆਂ ਨੇ ਨੂਰ ਢਾਬੇ ਤੋਂ ਲੈ ਕੇ ਪਟਿਆਲਾ ਚੌਂਕ ਤੱਕ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਹੱਥਾਂ ਵਿੱਚ ਫੜ ਕੇ ਇੱਕ ਵਿਸ਼ਾਲ ਪੈਦਲ ਰੋਸ ਮਾਰਚ ਕੱਢਿਆ। ਇਸ ਤੋਂ ਬਾਅਦ ਪਟਿਆਲਾ ਚੌਂਕ ਦੇ ਵਿੱਚ ਜਾ ਕੇ ਕੇਂਦਰੀ ਮੰਤਰੀ ਬਿੱਟੂ ਦੇ ਖ਼ਿਲਾਫ਼ ਡੱਟ ਕੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਈਮਾਨਦਾਰ ਅਧਿਕਾਰੀਆਂ, ਖਾਸ ਕਰਕੇ ਐਸ.ਐਚ.ਓ. ਕਰਨਵੀਰ ਸਿੱਧੂ ਅਤੇ ਇੱਕ ਮਹਿਲਾ ਐਸ.ਪੀ. ਨਾਲ ਕੀਤੀ ਗਈ ਬਦਤਮੀਜ਼ੀ ਅਤੇ ਵਰਤੀ ਗਈ ਗਲਤ ਸ਼ਬਦਾਵਲੀ ਬੇਹੱਦ ਨਿੰਦਣਯੋਗ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਐਸ.ਐਚ.ਓ. ਕਰਨਵੀਰ ਸਿੱਧੂ ਨੂੰ ਤੁਰੰਤ ਇਨਸਾਫ਼ ਦਿਵਾਇਆ ਜਾਵੇ ਅਤੇ ਰਵਨੀਤ ਬਿੱਟੂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਰਵਨੀਤ ਬਿੱਟੂ ਜਨਤਕ ਤੌਰ ਤੇ ਪੰਜਾਬ ਦੇ ਲੋਕਾਂ ਅਤੇ ਪ੍ਰਸ਼ਾਸਨ ਤੋਂ ਆਪਣੀ ਇਸ ਹਰਕਤ ਲਈ ਮਾਫ਼ੀ ਮੰਗਣ।


ਆਗੂਆਂ ਨੇ ਅੱਗੇ ਬੋਲਦਿਆਂ ਕੇਂਦਰ ਸਰਕਾਰ ਅਤੇ ਬੀਜੇਪੀ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਅਸਲ ਚਿਹਰਾ ਹੁਣ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ। ਇਹ ਪਾਰਟੀ ਪੰਜਾਬ ਵਿਰੋਧੀ, ਕਿਸਾਨ-ਮਜ਼ਦੂਰ ਵਿਰੋਧੀ ਅਤੇ ਆਮ ਜਨਤਾ ਵਿਰੋਧੀ ਪਾਰਟੀ ਹੈ, ਜੋ ਸਿਰਫ਼ ਅੰਡਾਨੀ-ਅੰਬਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਪੰਜਾਬ ਦੇ ਅੰਦਰ ਲਗਾਤਾਰ ਰੁਜ਼ਗਾਰ ਨੂੰ ਖ਼ਤਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਹਾਲੇ ਪੰਜਾਬ ਦੀ ਸੱਤਾ ਵਿੱਚ ਵੀ ਨਹੀਂ ਹਨ, ਜੇਕਰ ਉਹ ਕਦੇ ਸੱਤਾ ਵਿੱਚ ਆ ਗਏ ਤਾਂ ਆਮ ਲੋਕਾਂ ਨਾਲ ਕਿੰਨਾ ਵੱਡਾ ਧੱਕਾ ਕਰਨਗੇ, ਇਸ ਦਾ ਅੰਦਾਜ਼ਾ ਬਿੱਟੂ ਦੇ ਇਸ ਹੰਕਾਰੀ ਰਵੱਈਏ ਤੋਂ ਸਾਫ਼ ਲਗਾਇਆ ਜਾ ਸਕਦਾ ਹੈ। ਪੰਜਾਬ ਦੇ ਲੋਕ ਬੀਜੇਪੀ ਨੂੰ ਇਸ ਲਈ ਕਦੇ ਵੀ ਮਾਫ਼ ਨਹੀਂ ਕਰਨਗੇ। ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਕਿ ਰਾਜਨੀਤਿਕ ਲੋਕ ਪੁਲਿਸ ਪ੍ਰਸ਼ਾਸਨ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨਾ ਅਤੇ ਅਧਿਕਾਰੀਆਂ ਟਰ ਨਾਜਾਇਜ਼ ਦਬਾਅ ਬਣਾਉਣਾ ਤੁਰੰਤ ਬੰਦ ਕਰਨ।
ਇਸ ਰੋਸ ਪ੍ਰਦਰਸ਼ਨ ਦੌਰਾਨ ਜਥੇਬੰਦੀਆਂ ਨੇ ਦੇਸ਼ ਅਤੇ ਪੰਜਾਬ ਵਿੱਚ ਲਗਾਤਾਰ ਵੱਧ ਰਹੀ ਅੰਨ੍ਹੇਵਾਹ ਮਹਿੰਗਾਈ ਤੇ ਵੀ ਡੂੰਘੀ ਚਿੰਤਾ ਪ੍ਰਗਟਾਈ। ਆਗੂਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਤੇਲ (ਡੀਜ਼ਲ-ਪੈਟਰੋਲ) ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੇ ਤੁਰੰਤ ਨੱਥ ਪਾਈ ਜਾਵੇ, ਕਿਉਂਕਿ ਮਹਿੰਗੇ ਤੇਲ ਕਾਰਨ ਆਮ ਜਨਤਾ, ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਦਾ ਲਕੜਤੋੜ ਰਿਹਾ ਹੈ ਅਤੇ ਹਰ ਚੀਜ਼ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ।
ਇਸ ਮੌਕੇ ਮਨਪ੍ਰੀਤ ਸਿੰਘ ਅਮਲਾਲਾ (ਸੂਬਾ ਮੀਤ ਪ੍ਰਧਾਨ, ਬੀ.ਕੇ.ਯੂ. ਲੱਖੋਵਾਲ), ਵਿਨੋਦ ਚੁੱਘ (ਸੂਬਾ ਮੀਤ ਪ੍ਰਧਾਨ, ਪੰਜਾਬ ਏਟਕ), ਰਣਜੀਤ ਸਿੰਘ ਰਾਣਾ ਬਲਾਕ, ਪ੍ਰਧਾਨ,ਜਗਤਾਰ ਸਿੰਘ ਝਰਮਰੀ, ਗੁਰਪ੍ਰੀਤ ਸਿੰਘ ਜਸਤਾਨਾ ਕਲਾ (ਸਾਰੇ ਆਗੂ ਬੀ.ਕੇ.ਯੂ. ਲੱਖੋਵਾਲ ਡੇਰਾਬੱਸੀ), ਗੁਰਵਿੰਦਰ ਸਿੰਘ (ਆਗੂ, ਜਮਹੂਰੀ ਕਿਸਾਨ ਸਭਾ ਡੇਰਾਬੱਸੀ), ਅਤੇ ਅਵਤਾਰ ਸਿੰਘ (ਆਗੂ, ਕੁਲ ਹਿੰਦ ਕਿਸਾਨ ਸਭਾ, ਜ਼ਿਲ੍ਹਾ ਮੋਹਾਲੀ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਜੜੋਤ, ਮਹਿੰਦਰ ਸਿੰਘ ਸਰਸੀਣੀ ਅਤੇ ਜਸਪਾਲ ਸਿੰਘ ਦੱਪਰ, ਹਰੀ ਸਿੰਘ ਬੋਹੜਾ, ਗੁਰਪਾਲ ਸਿੰਘ ਧਰਮ ਸਿੰਘ ਦਪਰ, ਚਰਨਜੀਤ ਸਿੰਘ, ਅਵਤਾਰ ਸਿੰਘ ਤਸਿੰਬਲੀ, ਹਰਜਿੰਦਰ ਸਿੰਘ ਬਸੋਲੀ ਸੁਖਚੈਨ ਸਿੰਘ ਹੰਡੇਸਰਾ ਰਿੰਕਾ ਮਾਲਣ ਨਿਰਮਲ ਸਿੰਘ ਅਵਤਾਰ ਸਿੰਘ ਪਿੰਡ ਨਾਭਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਸਾਥੀਆਂ ਨੇ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਖਿਲਾਫ਼ ਰੋਸ ਜਤਾਇਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।