ਨਰੋਬੀ, 28 ਮਈ ,ਬੋਲੇ ਪੰਜਾਬ ਬਿਊਰੋ;
ਕੀਨੀਆ ਵਿੱਚ ਕੁੜੀਆਂ ਦੇ ਇੱਕ ਸਕੂਲ ਦੇ ਹੋਸਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ ਅਤੇ 73 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਰਿਪੋਰਟਸ ਅਨੁਸਾਰ ਇਹ ਅੱਗ ਰਾਤ ਵੇਲੇ ਨਕੁਰੂ ਕਾਊਂਟੀ ਦੇ ਇੱਕ ਬੋਰਡਿੰਗ ਸਕੂਲ, ਉਤੁਮਿਸ਼ੀ ਗਰਲਜ਼ ਅਕੈਡਮੀ ਵਿੱਚ ਲੱਗੀ। ਕੀਨੀਆਈ ਰੈੱਡ ਕਰਾਸ ਨੇ ਕਿਹਾ ਕਿ ਅੱਗ ਗਿਲਗਿਲ ਇਲਾਕੇ ਵਿੱਚ ਸਥਿਤ ਉਤੁਮਿਸ਼ੀ ਗਰਲਜ਼ ਅਕੈਡਮੀ ਸੀਨੀਅਰ ਸਕੂਲ ਵਿੱਚ ਰਾਤ ਦੇ ਕਰੀਬ 1 ਵਜੇ ਲੱਗੀ ਸੀ।
ਸਿੱਖਿਆ ਮੰਤਰੀ ਜੂਲੀਅਸ ਓਂਗਾਮਾ ਨੇ ਜਾਣਕਾਰੀ ਦਿੱਤੀ ਕਿ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਸਕੂਲ ਵਿੱਚ 800 ਤੋਂ ਵੱਧ ਵਿਦਿਆਰਥਣਾਂ ਪੜ੍ਹਦੀਆਂ ਹਨ, ਜਿਸ ਕਾਰਨ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜਾ ਦਫੜੀ ਮਚ ਗਈ।
ਪਰਿਵਾਰਾਂ ਵਿੱਚ ਆਪਣੇ ਬੱਚਿਆਂ ਦੀ ਜਾਣਕਾਰੀ ਨੂੰ ਲੈ ਕੇ ਚਿੰਤਾ ਅਤੇ ਸੋਗ ਦਾ ਮਾਹੌਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਜਾਰੀ ਹੈ ਕਿ ਇਹ ਹਾਦਸਾ ਸ਼ਾਰਟ ਸਰਕਟ ਕਾਰਨ ਹੋਇਆ ਜਾਂ ਕਿਸੇ ਹੋਰ ਵਜ੍ਹਾ ਕਰਕੇ।












