ਪੰਚਾਇਤੀ ਜ਼ਮੀਨਾਂ ਦੀ ਬੋਲੀ ‘ਚ ਗੜਬੜੀ; 17 ਪੰਚਾਇਤ ਸਕੱਤਰਾਂ ਦੀ ‘ਕੁਰਸੀ’ ਖੁੱਸੀ, ਵਿਭਾਗ ਨੇ ਕੀਤੀ ਵੱਡੀ ਕਾਰਵਾਈ
ਪਟਿਆਲਾ, 31 ਮਈ,ਬੋਲੇ ਪੰਜਾਬ ਬਿਊਰੋ;
ਪਟਿਆਲਾ ਜ਼ਿਲ੍ਹੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ 17 ਪੰਚਾਇਤ ਸਕੱਤਰਾਂ ਲਈ ਸ਼ੁੱਕਰਵਾਰ ਦਾ ਦਿਨ ‘ਕਾਲਾ ਦਿਨ’ ਸਾਬਤ ਹੋਇਆ। ਪੰਚਾਇਤ ਵਿਭਾਗ ਨੇ ਇਨ੍ਹਾਂ ਸਕੱਤਰਾਂ ਨੂੰ ਸਸਪੈਂਡ ਕਰ ਦਿੱਤਾ ਹੈ, ਜਿਸ ਨਾਲ ਪੂਰੇ ਮਹਿਕਮੇ ਵਿੱਚ ਭਾਜੜਾਂ ਪੈ ਗਈਆਂ ਹਨ।
ਜਿਨ੍ਹਾਂ ਪਿੰਡਾਂ ਕੋਲ 100 ਕਿੱਲੇ ਤੋਂ ਵੱਧ ਪੰਚਾਇਤੀ ਜ਼ਮੀਨ ਹੁੰਦੀ ਹੈ, ਉਸ ਦੀ ਬੋਲੀ ਡੀ.ਡੀ.ਪੀ.ਓ. ਦੀ ਅਗਵਾਈ ਹੇਠ ਹੋਣੀ ਜ਼ਰੂਰੀ ਹੈ। ਪਰ ਇਹ ਸਕੱਤਰ ਸ਼ਾਇਦ ਆਪਣੀ ਹੀ ਦੁਨੀਆ ਵਿੱਚ ਮਸਤ ਸਨ। ਜਦੋਂ ਵਿਭਾਗ ਨੇ ਬੋਲੀ ਦਾ ਰਿਕਾਰਡ ਅਤੇ ਬੈਂਕ ਵਿੱਚ ਜਮ੍ਹਾਂ ਕਰਵਾਈ ਗਈ ਰਾਸ਼ੀ ਦਾ ਹਿਸਾਬ ਮੰਗਿਆ, ਤਾਂ ਇਹ ਸਕੱਤਰ ਟਾਲ-ਮਟੋਲ ਕਰਨ ਲੱਗੇ। ਕੁਝ ਨੇ ਤਾਂ ਸਾਰਾ ਮਲਬਾ ਪੁਰਾਣੇ ਡੀ.ਡੀ.ਪੀ.ਓ. ‘ਤੇ ਸੁੱਟ ਕੇ ਆਪਣਾ ਪੱਲਾ ਝਾੜ ਲਿਆ।
ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਨੇ ਕਈ ਵਾਰ ਪੱਤਰ ਲਿਖ ਕੇ ਰਿਕਾਰਡ ਮੰਗਿਆ ਪਰ ਇਹ 17 ‘ਖਿਡਾਰੀ’ ਚੁੱਪ ਹੀ ਰਹੇ। ਅੰਤ ਵਿੱਚ, ਜਦੋਂ ਮਾਮਲਾ ਡਾਇਰੈਕਟਰ ਤੱਕ ਪਹੁੰਚਿਆ, ਤਾਂ ਉਨ੍ਹਾਂ ਨੇ ਇਨ੍ਹਾਂ ਸਕੱਤਰਾਂ ਨੂੰ ਘਰ ਦਾ ਰਸਤਾ ਦਿਖਾ ਦਿੱਤਾ।
ਜਿਨ੍ਹਾਂ ਸਕੱਤਰਾਂ ‘ਤੇ ਡਿੱਗੀ ਗਾਜ਼, ਉਨ੍ਹਾਂ ਵਿਚ ਸੁਖਵਿੰਦਰ ਸਿੰਘ ਲਾਲੀ, ਭੂਪਿੰਦਰ ਸਿੰਘ, ਸੁਖਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਪਵਨ ਕੁਮਾਰ, ਹਰਪਿੰਦਰ ਸਿੰਘ, ਰਜਿੰਦਰ ਕੁਮਾਰ, ਬਲਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਭੂਪਿੰਦਰ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਡਿੰਪਲ, ਮਨਮਿੰਦਰ ਸਿੰਘ, ਕੁਲਦੀਪ ਸਿੰਘ, ਗੁਰਦਰਸ਼ਨ ਸਿੰਘ ਅਤੇ ਗੁਰਜੀਤ ਸਿੰਘ ਸ਼ਾਮਲ ਹਨ।
ਅੰਦਰਖਾਤੇ ਚਰਚਾ ਹੈ ਕਿ ਸਿਰਫ਼ ਨਿਯਮਾਂ ਦੀ ਉਲੰਘਣਾ ਹੀ ਨਹੀਂ, ਸਗੋਂ ਬੋਲੀ ਦੇ ਪੈਸਿਆਂ ਵਿੱਚ ਵੀ ਵੱਡੀ ਹੇਰਾਫੇਰੀ ਹੋਈ ਹੈ। ਡੀ.ਡੀ.ਪੀ.ਓ. ਦਾ ਕਹਿਣਾ ਹੈ ਕਿ ਹੁਣ ਨਵੇਂ ਨਿਯੁਕਤ ਹੋਣ ਵਾਲੇ ਸਕੱਤਰਾਂ ਤੋਂ ਪੁਰਾਣਾ ਰਿਕਾਰਡ ਤਲਬ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਾਹਮਣੇ ਆਵੇਗਾ ਕਿ ਇਹ ‘ਬਾਬੂ’ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਕਿਵੇਂ ਆਪਣੀ ਜੇਬ ਵਿੱਚ ਪਾਉਣ ਦੀ ਤਿਆਰੀ ਕਰ ਰਹੇ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਸਸਪੈਂਸ਼ਨ ਤੋਂ ਬਾਅਦ ਇਨ੍ਹਾਂ ਸਕੱਤਰਾਂ ਦੀ ਅਸਲ ਸੱਚਾਈ ਕਿੰਨੀ ਕੁ ਬਾਹਰ ਆਉਂਦੀ ਹੈ।











