ਪੰਜਾਬੀਓ! ਜ਼ਹਿਰ ਨਾ ਖਾਈਏ!
ਜੇ ਕਿਸੇ ਨੂੰ ਕਿਹਾ ਜਾਵੇ ਕਿ ਇਹ ਫਲ, ਸਬਜ਼ੀ, ਰੋਟੀ ਜਾਂ ਦੁੱਧ ਖਾ ਲਵੋ, ਤਾਂ ਉਹ ਬਿਨਾਂ ਸੋਚੇ-ਸਮਝੇ ਖਾ ਲਵੇਗਾ। ਪਰ ਜੇ ਇਹੀ ਕਿਹਾ ਜਾਵੇ ਕਿ ਇਸ ਵਿੱਚ ਜ਼ਹਿਰ ਹੈ, ਤਾਂ ਉਹ ਹੱਥ ਵੀ ਨਹੀਂ ਲਾਵੇਗਾ। ਅਜੀਬ ਗੱਲ ਇਹ ਹੈ ਕਿ ਅਸੀਂ ਅੱਜ ਉਹ ਜ਼ਹਿਰ ਰੋਜ਼ ਖਾ ਵੀ ਰਹੇ ਹਾਂ ਤੇ ਪੀ ਵੀ ਰਹੇ ਹਾਂ, ਪਰ ਉਸ ਨੂੰ ਜ਼ਹਿਰ ਮੰਨਣ ਲਈ ਤਿਆਰ ਨਹੀਂ।
ਪੰਜਾਬ ਦੀ ਧਰਤੀ, ਜਿਸ ਨੂੰ ਕਦੇ ਅੰਨ ਦਾ ਭੰਡਾਰ ਕਿਹਾ ਜਾਂਦਾ ਸੀ, ਅੱਜ ਖੇਤੀ ਵਿੱਚ ਅੰਨ੍ਹੇਵਾਹ ਰਸਾਇਣਾਂ, ਕੀਟਨਾਸ਼ਕਾਂ ਅਤੇ ਜ਼ਹਿਰੀਲੇ ਤੱਤਾਂ ਦੀ ਮਾਰ ਹੇਠ ਆ ਗਈ ਹੈ। ਹਰੀ ਕ੍ਰਾਂਤੀ ਨੇ ਇੱਕ ਸਮੇਂ ਭੁੱਖਮਰੀ ਤੋਂ ਤਾਂ ਬਚਾਇਆ ਸੀ, ਪਰ ਉਸ ਦੇ ਨਾਲ ਜੁੜੇ ਰਸਾਇਣਕ ਮਾਡਲ ਨੇ ਹੌਲੀ-ਹੌਲੀ ਮਿੱਟੀ, ਪਾਣੀ, ਹਵਾ ਅਤੇ ਮਨੁੱਖੀ ਸਿਹਤ ਨੂੰ ਗੰਭੀਰ ਨੁਕਸਾਨ ਵੀ ਪਹੁੰਚਾਇਆ। ਵੱਧ ਝਾੜ ਅਤੇ ਵੱਧ ਮੁਨਾਫ਼ੇ ਦੀ ਦੌੜ ਵਿੱਚ ਅਸੀਂ ਇਹ ਭੁੱਲ ਗਏ ਕਿ ਜੇ ਧਰਤੀ ਹੀ ਬਿਮਾਰ ਹੋ ਗਈ ਤਾਂ ਫਸਲਾਂ ਦੀ ਤੰਦਰੁਸਤੀ ਵੀ ਖਤਮ ਹੋ ਜਾਵੇਗੀ।
ਅੱਜ ਪੰਜਾਬ ਵਿੱਚ ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਡਾਇਗਨੋਸਟਿਕ ਸੈਂਟਰ ਅਤੇ ਡੇਰੇ ਲਗਾਤਾਰ ਵੱਧ ਰਹੇ ਹਨ। ਇਹ ਸਿਰਫ਼ ਇਤਫ਼ਾਕ ਨਹੀਂ। ਇਹ ਉਸ ਸਮਾਜ ਦੀ ਤਸਵੀਰ ਹੈ ਜੋ ਬਿਮਾਰੀ ਦੇ ਕਾਰਨਾਂ ਨਾਲ ਲੜਨ ਦੀ ਬਜਾਏ ਇਲਾਜਾਂ ਦੇ ਸਹਾਰੇ ਜੀਣਾ ਸਿੱਖ ਗਿਆ ਹੈ। ਅਸੀਂ ਬਿਮਾਰੀ ਦੀ ਜੜ੍ਹ ਨੂੰ ਛੱਡ ਕੇ ਉਸ ਦੀਆਂ ਟਾਹਣੀਆਂ ਕੱਟ ਰਹੇ ਹਾਂ।
ਸਾਡੀ ਖੇਤੀ, ਸਾਡਾ ਖਾਣ-ਪੀਣ ਅਤੇ ਸਾਡੀ ਜੀਵਨ-ਸ਼ੈਲੀ ਬਾਜ਼ਾਰ ਦੀ ਗ੍ਰਿਫ਼ਤ ਵਿੱਚ ਆ ਗਈ ਹੈ। ਬਜ਼ਾਰ ਸਾਨੂੰ ਜੀਉਣ ਦੇ ਢੰਗ ਤਰੀਕੇ ਦੱਸਦਾ ਹੈ। ਗੂਗਲ ਨੇ ਸਾਡੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਸਾਡੀਆਂ ਲੋੜਾਂ ਅਨੁਸਾਰ ਸੁਝਾਅ ਦੇਣ ਲੱਗਿਆ ਹੈ। ਉਸ ਨੇ ਤੁਹਾਡੀ ਸੋਚ ਨੂੰ ਆਪਣੀ ਗ੍ਰਿਫ਼ਤ ਵਿੱਚ ਜਕੜ ਲਿਆ ਹੈ। ਉਹ ਤੁਹਾਨੂੰ ਬਹੁਰੰਗੀ ਤੇ ਮਲਟੀਕਲਚਰਲ ਦੇ ਬਜ਼ਾਰਾਂ ਨਾਲ ਜੋੜਦਾ ਹੈ। ਇਸ ਕਰਕੇ ਬਹੁ-ਰਾਸ਼ਟਰੀ ਕੰਪਨੀਆਂ ਸਾਡੇ ਆਲੇ ਦੁਆਲੇ ਮੰਡਲਾਉਦੀਆਂ ਹਨ।
ਬਹੁ-ਰਾਸ਼ਟਰੀ ਕੰਪਨੀਆਂ ਨੇ ਆਪਣੇ ਮੁਨਾਫ਼ਿਆਂ ਲਈ ਅਜਿਹਾ ਮਾਹੌਲ ਬਣਾਇਆ ਕਿ ਕਿਸਾਨ ਬੀਜ ਤੋਂ ਲੈ ਕੇ ਦਵਾਈ ਅਤੇ ਖਾਦ ਤੱਕ ਹਰ ਚੀਜ਼ ਲਈ ਬਾਜ਼ਾਰ ਦਾ ਮੁਹਤਾਜ ਹੋ ਗਿਆ। ਖੇਤੀਬਾੜੀ ਵਿਗਿਆਨ ਦੀਆਂ ਕੁਝ ਗਲਤ ਦਿਸ਼ਾਵਾਂ ਅਤੇ ਸਿਆਸੀ ਫ਼ੈਸਲਿਆਂ ਨੇ ਵੀ ਇਸ ਸੰਕਟ ਨੂੰ ਹੋਰ ਗੰਭੀਰ ਕੀਤਾ। ਨਤੀਜਾ ਇਹ ਹੋਇਆ ਕਿ ਅਸੀਂ ਆਪਣੀ ਪਰੰਪਰਾਗਤ ਸਿਆਣਪ, ਦੇਸੀ ਬੀਜਾਂ ਅਤੇ ਕੁਦਰਤੀ ਖੇਤੀ ਦੇ ਤਰੀਕਿਆਂ ਤੋਂ ਦੂਰ ਹੁੰਦੇ ਗਏ। ਜਦੋਂ ਕੋਈ ਰੁੱਖ ਤੇ ਮਨੁੱਖ ਆਪਣੀਆਂ ਜੜ੍ਹਾਂ ਨਾਲੋਂ ਟੁੱਟਕੇ ਕਿਧਰੇ ਹੋਰ ਥਾਂ ਜਾਂਦਾ ਤਾਂ ਉਹ ਦੀਆਂ ਜੜ੍ਹਾਂ ਨਹੀਂ ਲੱਗਦੀਆਂ। ਇਹੋ ਹਾਲ ਹੁਣ ਮਨੁੱਖ ਦਾ ਬਣਿਆ ਹੋਇਆ ਹੈ!
ਸਾਡੇ ਬਜ਼ੁਰਗਾਂ ਨੇ ਧਰਤੀ ਨੂੰ ਮਾਂ ਮੰਨਿਆ ਸੀ। ਉਹ ਮਿੱਟੀ ਦੀ ਉਪਜਾਊ ਸ਼ਕਤੀ, ਪਾਣੀ ਦੀ ਪਵਿੱਤਰਤਾ ਅਤੇ ਰੁੱਖਾਂ ਦੀ ਮਹੱਤਤਾ ਨੂੰ ਸਮਝਦੇ ਸਨ। ਪਰ ਅਸੀਂ ਵਿਕਾਸ ਦੇ ਨਾਂ ‘ਤੇ ਕੁਦਰਤ ਨਾਲ ਜੰਗ ਛੇੜ ਲਈ। ਅੱਜ ਧਰਤੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ, ਪਾਣੀ ਦੇ ਸਰੋਤ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਪਿੰਡਾਂ ਤੱਕ ਪਹੁੰਚ ਚੁੱਕੀਆਂ ਹਨ।
ਫਿਰ ਵੀ ਹਾਲਾਤ ਨਿਰਾਸ਼ਾਜਨਕ ਨਹੀਂ ਹਨ। ਅਜੇ ਵੀ ਸਮਾਂ ਹੈ ਕਿ ਅਸੀਂ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰੀਏ ਅਤੇ ਸੁਧਾਰ ਵੱਲ ਕਦਮ ਵਧਾਈਏ। ਕੁਦਰਤ ਨਾਲ ਟੱਕਰ ਲੈ ਕੇ ਨਹੀਂ, ਸਗੋਂ ਕੁਦਰਤ ਨਾਲ ਰਲ ਕੇ ਹੀ ਮਨੁੱਖਤਾ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ। ਜੇ ਅਸੀਂ ਅੱਜ ਨਹੀਂ ਸੰਭਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ।
ਕੁਦਰਤ ਨਾਲ ਜੁੜਨ ਦਾ ਰਾਹ ਕੋਈ ਗੁਪਤ ਗਿਆਨ ਨਹੀਂ। ਆਪਣੇ ਆਲੇ-ਦੁਆਲੇ ਰੁੱਖ ਲਗਾਉਣਾ, ਪਾਣੀ ਬਚਾਉਣਾ, ਰਸਾਇਣਾਂ ਦੀ ਵਰਤੋਂ ਘਟਾਉਣਾ, ਜੈਵਿਕ ਅਤੇ ਕੁਦਰਤੀ ਖੇਤੀ ਨੂੰ ਅਪਣਾਉਣਾ, ਦੇਸੀ ਬੀਜਾਂ ਦੀ ਸੰਭਾਲ ਕਰਨੀ ਅਤੇ ਸਾਦਾ ਜੀਵਨ ਜਿਊਣਾ—ਇਹੀ ਉਸ ਰਾਹ ਦੇ ਪਹਿਲੇ ਕਦਮ ਹਨ।
ਸਵਾਲ ਇਹ ਨਹੀਂ ਕਿ ਦੋਸ਼ੀ ਕੌਣ ਹੈ। ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਬੱਚਿਆਂ ਲਈ ਸਾਫ਼ ਹਵਾ, ਸਾਫ਼ ਪਾਣੀ ਅਤੇ ਜ਼ਹਿਰ-ਮੁਕਤ ਭੋਜਨ ਛੱਡ ਕੇ ਜਾਣਾ ਚਾਹੁੰਦੇ ਹਾਂ ਜਾਂ ਨਹੀਂ? ਆਪਣੇ ਆਪ ਤੋਂ ਪੁੱਛੋ—ਕਿਤੇ ਅਸੀਂ ਆਉਣ ਵਾਲੀਆਂ ਨਸਲਾਂ ਅਤੇ ਫਸਲਾਂ ਦੇ ਕਾਤਲ ਤਾਂ ਨਹੀਂ ਬਣ ਰਹੇ?
ਪੈਸੇ ਅਤੇ ਜਾਇਦਾਦ ਦੀ ਅੰਨ੍ਹੀ ਦੌੜ ਤੋਂ ਬਾਹਰ ਨਿਕਲਣ ਦੀ ਲੋੜ ਹੈ। ਮਲਟੀਨੈਸ਼ਨਲ ਕੰਪਨੀਆਂ ਦੇ ਮੁਨਾਫ਼ਿਆਂ ਲਈ ਨਹੀਂ, ਸਗੋਂ ਆਪਣੇ ਪਰਿਵਾਰਾਂ, ਆਪਣੇ ਪਿੰਡਾਂ ਅਤੇ ਆਪਣੀ ਧਰਤੀ ਲਈ ਜੀਉਣ ਦਾ ਸਮਾਂ ਆ ਗਿਆ ਹੈ। ਬਹੁਤ ਦੇਰ ਹੋ ਚੁੱਕੀ ਹੈ, ਪਰ ਅਜੇ ਵੀ ਕੁਝ ਬਚਿਆ ਹੋਇਆ ਹੈ।
ਆਓ, ਘਰ-ਘਰ ਅਤੇ ਪਿੰਡ-ਪਿੰਡ ਕੁਦਰਤੀ ਖੇਤੀ, ਸਿਹਤਮੰਦ ਭੋਜਨ ਅਤੇ ਕੁਦਰਤ ਪ੍ਰਤੀ ਸਤਿਕਾਰ ਦਾ ਸੁਨੇਹਾ ਪਹੁੰਚਾਈਏ। ਜ਼ਹਿਰ ਦੇ ਵਪਾਰੀਆਂ ਨੂੰ ਪਛਾਣੀਏ ਅਤੇ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਈਏ।
ਪੰਜਾਬੀਓ! ਸੋਚੋ, ਅਸੀਂ ਹੋਰ ਕਿੰਨਾ ਸਮਾਂ ਜ਼ਹਿਰ ਬੀਜਦੇ, ਵੇਚਦੇ, ਖਾਂਦੇ ਅਤੇ ਪੀਂਦੇ ਰਹਾਂਗੇ?
++
— ਬੁੱਧ ਸਿੰਘ ਨੀਲੋਂ
94643 70823












