Punjab Unemployed Linemen ਨੌਜਵਾਨਾਂ ਵੱਲੋਂ ਮੋਰਚਾ ਜਾਰੀ ਰੱਖਣ ਦਾ ਐਲਾਨ

ਪੰਜਾਬ

ਪਟਿਆਲਾ 7 ਜੂਨ ,ਬੋਲੇ ਪੰਜਾਬ ਬਿਊਰੋ;

ਬੇਰੁਜ਼ਗਾਰ ਨੌਜਵਾਨਾਂ, ਜਿਨ੍ਹਾਂ ’ਤੇ ਬੀਤੇ ਦਿਨੀਂ ਲਾਠੀਚਾਰਜ ਕੀਤਾ ਗਿਆ ਸੀ, ਨੇ ਮੰਗਾਂ ਦੀ ਪੂਰਤੀ ਤੱਕ ਮੋਰਚਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਲਾਠੀਚਾਰਜ ਦੇ ਰੋਸ ਵਜੋਂ ਯੂਨੀਅਨ ਦੇ ਸੈਂਕੜੇ ਮੈਂਬਰਾਂ ਸਮੇਤ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ, ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂਆਂ ਦੇ ਪੁੱਜਣ ਕਰਕੇ ਅੱਜ ਇਸ ਧਰਨੇ ’ਚ ਭਾਰੀ ਇਕੱਠ ਅਤੇ ਗਹਿਮਾ ਗਹਿਮੀ ਰਹੀ। ਇਸ ਕਾਰਨ ਸ਼ਹਿਰ ਦੀ ਮੁੱਖ ਸੜਕ ਮਾਲ ਰੋਡ ’ਤੇ ਦਿਨ ਭਰ ਆਵਾਜਾਈ ਠੱਪ ਰਹੀ। ਇਸ ਕਰਕੇ ਪੁਲੀਸ ਨੂੰ ਸੁਰੱਖਿਆ ਵਜੋਂ ਵਧੇਰੇ ਪ੍ਰਬੰਧ ਕਰਨੇ ਪਏ। ਉਧਰ, ਜਥੇਬੰਦੀ ਨੇ ਮੀਟਿੰਗ ਕਰਕੇ ਐਲਾਨ ਕੀਤਾ ਕਿ ਆਪਣੀ ਮੰਗ ਦੀ ਪੂਰਤੀ ਤੱਕ ਉਨ੍ਹਾਂ ਦਾ ਇਹ ਮੋਰਚਾ ਇਥੇ ਹੀ ਰਹੇਗਾ।

ਇਸ ਦੇ ਨਾਲ ਹੀ ਤਿੰਨ ਦਿਨਾਂ ਤੋਂ ਦੋ ਨੌਜਵਾਨਾਂ ਵੱਲੋਂ ਰੱਖੀ ਗਈ ਭੁੱਖ ਹੜਤਾਲ ਅੱਜ ਮਰਨ ਵਰਤ ’ਚ ਤਬਦੀਲ ਕਰ ਦਿੱਤੀ ਗਈ। ਉਧਰ, ਲਾਠੀਚਾਰਜ ਦੀ ਘਟਨਾ ਦੌਰਾਨ ਪੁਲੀਸ ਵੱਲੋਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਜਲਾਲਾਬਾਦ ਸਮੇਤ ਹਿਰਾਸਤ ’ਚ ਲਏ ਸਾਰੇ 11 ਆਗੂਆਂ ਨੂੰ ਵੀ ਛੱਡ ਦਿੱਤਾ ਗਿਆ। ਪੁੁਲੀਸ ਨੇ ਇਹ ਫੈਸਲਾ ਯੂਨੀਅਨ ਦੇ ਬਾਕੀ ਆਗੂਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਲਿਆ। ਦੂਜੇ ਪਾਸੇ ਲਾਠੀਚਾਰਜ ਦੌਰਾਨ ਯਾਦਵਿੰਦਰ ਬਾਘਾ ਸਮੇਤ ਫੱਟੜ ਹੋਏ ਯੂਨੀਅਨ ਦੇ 6 ਆਗੂ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਹੀ ਜ਼ੇਰੇ ਇਲਾਜ ਹਨ। ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਬੇਰੁਜ਼ਗਾਰ ਲਾਈਨਮੈਨਾਂ ’ਤੇ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਇਸ ਦੌਰਾਨ ਪੁਲੀਸ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਸਮੇਤ 50 ਤੋਂ ਵੱਧ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।