ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਰੈਲੀ ਅਤੇ ਰੋਸ ਮੁਜਾਹਰਾ

ਪੰਜਾਬ

ਪਟਿਆਲਾ, 22 ਜੂਨ ,ਬੋਲੇ ਪੰਜਾਬ ਬਿਊਰੋ;

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਦੇਸ਼ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਫਾਸ਼ੀਵਾਦੀ ਨੀਤੀਆਂ ਖ਼ਿਲਾਫ਼ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਕੇਂਦਰਾਂ ਤੇ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਜੇ ਤਹਿਤ ਸੀ.ਪੀ.ਆਈ, ਆਰ.ਐੱਮ.ਪੀ.ਆਈ ਅਤੇ ਲੋਕ ਸੰਘਰਸ਼ ਕਮੇਟੀ ਵੱਲੋਂ ਅੱਜ ਸਥਾਨਕ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਰੈਲੀ ਕੀਤੀ ਗਈ ਅਤੇ ਬਾਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ।
        ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਆਰ.ਐੱਮ.ਪੀ. ਆਈ ਦੇ ਦਰਸ਼ਨ ਬੇਲੂਮਾਜਰਾ ਅਤੇ ਲੋਕ ਸੰਘਰਸ਼ ਕਮੇਟੀ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਭਾਜਪਾ ਅਤੇ ਆਰ. ਐੱਸ.ਐੱਸ ਦੀ ਸਰਕਾਰ ਦੁਆਰਾ ਫਾਸ਼ੀਵਾਦੀ ਨੀਤੀਆਂ ਨੂੰ ਲਾਗੂ ਕਰਦਿਆਂ ਜਿੱਥੇ ਵੱਖ-ਵੱਖ ਲੋਕਾਂ ਦੀ ਆਰਥਿਕਤਾ ਨੂੰ ਸੱਟ ਮਾਰੀ ਜਾ ਰਹੀ ਹੈ ਉੱਥੇ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਮੈਂਬਰਸ਼ਿਪ ਖ਼ਤਮ ਕਰਨ ਨੂੰ ਸੂਬਿਆਂ ਦੇ ਅਧਿਕਾਰਾਂ ਉੱਤੇ ਮਾਰੇ ਜਾ ਰਹੇ ਡਾਕੇ ਦੇ ਤੌਰ ਤੇ ਵੇਖਣਾ ਚਾਹੀਦਾ ਹੈ। ਆਗੂਆਂ ਨੇ ਆਖਿਆ ਕਿ ਬੰਗਾਲ ਚੌਣਾਂ ਜਿੱਤਣ ਤੋਂ ਬਾਅਦ ਭਾਜਪਾ ਪੰਜਾਬ ਉੱਤੇ ਹਰ ਜਾਇਜ਼ ਨਜਾਇਜ਼ ਢੰਗ ਨਾਲ ਪੰਜਾਬ ਉੱਤੇ ਕਬਜ਼ਾ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ। ਆਗੂਆਂ ਨੇ ਆਖਿਆ ਕਿ ਅਮਰੀਕਾ-ਇਜਰਾਇਲ ਜੁੰਡਲੀ ਵੱਲੋਂ ਇਰਾਨ ਉੱਤੇ ਕੀਤੇ ਸਾਮਰਾਜੀ ਹਮਲੇ ਖ਼ਿਲਾਫ਼ ਸੰਤੁਲਿਤ ਪੁਜੀਸ਼ਨ ਨਾ ਲੈਣਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੌਂਸ ਸਾਹਮਣੇ ਗੋਡੇ ਟੇਕਣ ਕਾਰਨ ਮੌਦੀ ਸਰਕਾਰ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਵੀ ਪੂਰੀ ਤਰ੍ਹਾਂ ਅਸਫਲ਼ ਰਹੀ ਹੈ ਜਿਸਦੀ ਸਜ਼ਾ ਭਾਰਤ ਦੇ ਆਮ ਲੋਕ ਮਹਿੰਗਾਈ ਦੇ ਰੂਪ ਵਿੱਚ ਭੁਗਤ ਰਹੀ ਹੈ।
            ਇਸ ਮੌਕੇ ਸੰਬੋਧਨ ਕਰਦਿਆਂ ਅਮਨਦੀਪ ਖਿਓਵਾਲੀ, ਕੁਲਵੰਤ ਮੌਲਵੀਵਾਲਾ, ਅਮਰਜੀਤ ਘਨੌਰ, ਐਡਵੋਕੇਟ ਗੁਰਬਿੰਦਰ ਸਿੰਘ ਧੂੰਮਾ ਅਤੇ ਬ੍ਰਿਜ਼ ਭੂਸ਼ਣ ਬਰਨਾਲਾ ਨੇ ਮੰਗ ਕੀਤੀ ਕਿ ਫਾਸ਼ੀਵਾਦੀ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਵਾਪਿਸ ਲਿਆ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਖ਼ਤਮ ਕੀਤੀ ਮੈਂਬਰਸ਼ਿਪ ਬਹਾਲ ਕੀਤੀ ਜਾਵੇ, ਬਿਜਲੀ ਸੋਧ ਬਿਲ ਤੇ ਬੀਜ ਬਿਲ ਨੂੰ ਰੱਦ ਕੀਤਾ ਜਾਵੇ ਅਤੇ ਗੈਸ ਤੇ ਤੇਲ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਿਸ ਲਿਆ ਜਾਵੇ। ਆਗੂਆਂ ਵੱਲੋਂ ਸਮੂਹ ਜਥੇਬੰਦੀਆਂ ਅਤੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ ਵਿਸ਼ਾਲ ਏਕਤਾ ਉਸਾਰ ਕੇ ਵੱਡੇ ਸੰਘਰਸ਼ ਲਾਮਬੰਦ ਕੀਤੇ ਜਾਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।