ਉਤਰਾਖੰਡ ਪੁਲਿਸ ਨੇ ਜਾਰੀ ਕੀਤਾ ਲਿਖਤੀ ਬਿਆਨ
ਚੰਡੀਗੜ੍ਹ 22 ਜੂਨ ,ਬੋਲੇ ਪੰਜਾਬ ਬਿਊਰੋ;
ਵਾਰਿਸ ਪੰਜਾਬ ਦੇ ਜਥੇਬੰਦੀ ਦਾ ਵਫ਼ਦ, ਜਿਸ ਵਿੱਚ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਤਿਕਾਰਯੋਗ ਪਿਤਾ ਬਾਪੂ ਤਰਸੇਮ ਸਿੰਘ, ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਗੁਰਦੁਆਰਾ ਸ਼ਹੀਦ ਸਿੰਘਾਂ ਸੋਹਾਣਾ ਸਾਹਿਬ ਦੇ ਮੁੱਖ ਸੇਵਾਦਾਰ ਸ. ਹਰਜਿੰਦਰ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਦਲੇਰ ਸਿੰਘ ਡੋਡ, ਰਸ਼ਪਾਲ ਸਿੰਘ ਸੋਸਨ ਅਤੇ ਹੋਰ ਆਗੂਆਂ ਨੇ ਉੱਤਰਾਖੰਡ ਦੇ ਡੀਜੀਪੀ ਸ੍ਰੀ ਦੀਪਮ ਸੇਠ ਨਾਲ ਵਿਸਥਾਰਪੂਰਵਕ ਮੁਲਾਕਾਤ ਕੀਤੀ ਜਿਸ ਵਿੱਚ 16 ਜੂਨ ਨੂੰ ਕਰਨਪ੍ਰਯਾਗ, ਉੱਤਰਾਖੰਡ ਵਿਖੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਜਾ ਰਹੇ ਚਾਰ ਨੌਜਵਾਨ ਨਿਹੰਗ ਸਿੰਘਾਂ ਉੱਤੇ ਹੋਏ ਹਮਲੇ, ਕੁੱਟਮਾਰ ਅਤੇ ਉਨ੍ਹਾਂ ਖ਼ਿਲਾਫ਼ ਇਕਤਰਫ਼ਾ ਪਰਚਾ ਦਰਜ ਕੀਤੇ ਜਾਣ ਦੇ ਮਾਮਲੇ ਨੂੰ ਸੁਚਾਰੂ ਢੰਗ ਦੇ ਨਾਲ ਚੁੱਕਿਆ ਗਿਆ ਅਤੇ ਨੌਜਵਾਨਾਂ ਨੂੰ ਨਿਆ ਦੇਣ ਦੀ ਮੰਗ ਕੀਤੀ ਗਈ ਸੀ।
ਵਫ਼ਦ ਦੀ ਮੁਲਾਕਾਤ ਤੋਂ ਬਾਅਦ ਉੱਤਰਾਖੰਡ ਪੁਲਿਸ ਨੇ ਨਿਹੰਗ ਸਿੱਖ ਨੌਜਵਾਨਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਉੱਤਰਾਖੰਡ ਪੁਲਿਸ ਨੇ ਜ਼ਖ਼ਮੀ ਸਿੱਖ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕਰਨਪ੍ਰਯਾਗ ਵਿਖੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤ ਹੈ।
ਇਸ ਤੋਂ ਇਲਾਵਾ, ਨਿਰਪੱਖ, ਪਾਰਦਰਸ਼ੀ ਅਤੇ ਸੁਤੰਤਰ ਜਾਂਚ ਨੂੰ ਯਕੀਨੀ ਬਣਾਉਣ ਲਈ ਥਾਣਾ ਕਰਨਪ੍ਰਯਾਗ ਵਿੱਚ ਦਰਜ ਦੋਵੇਂ ਮਾਮਲਿਆਂ ਦੀ ਜਾਂਚ ਚਮੋਲੀ ਜ਼ਿਲ੍ਹੇ ਤੋਂ ਹਰਿਦੁਆਰ ਜ਼ਿਲ੍ਹੇ ਨੂੰ ਤਬਦੀਲ ਕਰ ਦਿੱਤੀ ਗਈ ਹੈ। ਇਹ ਜਾਂਚ ਸੀਨੀਅਰ ਪੁਲਿਸ ਅਧਿਕਾਰੀ ਹਰਿਦੁਆਰ ਸ੍ਰੀ ਨਵਨੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ।
ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਸ਼ਰਧਾਲੂਆਂ ਨਾਲ ਸਥਾਨਕ ਪੁਲਿਸ ਦੇ ਕਥਿਤ ਵਿਵਹਾਰ ਅਤੇ ਆਚਰਨ ਸਬੰਧੀ ਉਠਾਏ ਗਏ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ, ਉੱਤਰਾਖੰਡ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਡੀਆਈਜੀ ਸ੍ਰੀ ਯਸ਼ਵੰਤ ਸਿੰਘ ਨੂੰ ਸੌਂਪ ਦਿੱਤੀ ਹੈ ਅਤੇ ਉਨ੍ਹਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਵਫ਼ਦ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸ਼ੁਰੂ ਤੋਂ ਹੀ ਨਿਰਪੱਖ ਅਤੇ ਇਨਸਾਫ਼ਪੂਰਨ ਢੰਗ ਨਾਲ ਚੁੱਕੇ ਰਹੇ ਸਨ ਅਤੇ ਉੱਤਰਾਖੰਡ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਲਏ ਗਏ ਫ਼ੈਸਲੇ ਪੀੜਤ ਸਿੱਖ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਵੱਲ ਇੱਕ ਅਹਿਮ ਕਦਮ ਹਨ। ਉਹਨਾਂ ਨੇ ਉਮੀਦ ਜਤਾਈ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਢੁੱਕਵੇਂ ਕਦਮ ਚੁੱਕੇ ਜਾਣਗੇ।












