ਬੈਲਜੀਅਮ ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਵਿਸ਼ਾਲ ਬੈਨਰ ਲਗਾਇਆ, ਕੌਮ ਨੇ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 24 ਜੂਨ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਜੂਨ 1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ਦੀ ਯਾਦ ਨੂੰ ਸਮਰਪਿਤ ਬੈਲਜੀਅਮ ਸਥਿਤ ਗੁਰਦੁਆਰਾ ਸੰਗਤ ਸਾਹਿਬ ਸਿੰਤਰੁਦਨ ਵਿਖੇ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵੱਡੇ ਆਕਾਰ ਦਾ ਇਤਿਹਾਸਕ ਬੈਨਰ ਲਗਾਇਆ ਗਿਆ। ਇਸ ਮੌਕੇ ਫੌਜੀ ਹਮਲੇ ਤੋਂ ਬਾਅਦ ਦਾ ਹਸ਼ਰ ਦਿਖਾਉਂਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਾਵਨ ਤਸਵੀਰ ਸੁਸ਼ੋਭਿਤ ਕਰਕੇ ਜੂਨ 1984 ਵਿੱਚ ਸ਼ਹੀਦ ਹੋਏ ਸਿੰਘ-ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਤਿਕਾਰ ਸਹਿਤ ਯਾਦ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਲਗਾਏ ਗਏ ਇਸ ਵਡ-ਆਕਾਰੀ ਬੈਨਰ ਉੱਤੇ ਜੂਨ 1984 ਦੇ ਘੱਲੂਘਾਰੇ ਦਾ ਇਤਿਹਾਸ ਦਰਜ ਕੀਤਾ ਗਿਆ ਹੈ, ਤਾਂ ਜੋ ਆਉਣ ਵਾਲੀਆਂ ਸੰਗਤਾਂ ਅਤੇ ਨਵੀਂ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਭਾਰਤ ਦੀ ਤਤਕਾਲੀ ਇੰਦਰਾ ਗਾਂਧੀ ਹਕੂਮਤ ਨੇ ਆਪਣੇ ਰਾਜਨੀਤਿਕ ਹਿਤਾਂ ਲਈ ਸਿੱਖ ਕੌਮ ਦੇ ਸਰਵੋੱਚ ਧਾਰਮਿਕ ਅਸਥਾਨਾਂ ਉੱਤੇ ਫੌਜੀ ਹਮਲਾ ਕਰਕੇ ਇਤਿਹਾਸ ਦਾ ਇੱਕ ਖੂਨੀ ਅਤੇ ਕਾਲਾ ਅਧਿਆਇ ਲਿਖਿਆ ਸੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜੂਨ 1984 ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ, ਸਗੋਂ ਸਿੱਖ ਕੌਮ ਦੇ ਧਾਰਮਿਕ, ਇਤਿਹਾਸਕ ਅਤੇ ਸਿਆਸੀ ਅਸਤਿਤਵ ਨੂੰ ਕੁਚਲਣ ਲਈ ਰਚਿਆ ਗਿਆ ਇੱਕ ਸੋਚਿਆ-ਸਮਝਿਆ ਹਮਲਾ ਸੀ। ਉਨ੍ਹਾਂ ਕਿਹਾ ਕਿ ਤਤਕਾਲੀ ਇੰਦਰਾ ਗਾਂਧੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ, ਤੋਪਾਂ ਅਤੇ ਭਾਰੀ ਹਥਿਆਰਾਂ ਨਾਲ ਹਮਲਾ ਕਰਕੇ ਨਾ ਸਿਰਫ਼ ਸਿੱਖ ਭਾਵਨਾਵਾਂ ਨੂੰ ਲਹੂ-ਲੁਹਾਣ ਕੀਤਾ, ਸਗੋਂ ਮਨੁੱਖਤਾ ਅਤੇ ਧਾਰਮਿਕ ਆਜ਼ਾਦੀ ਦੇ ਅਸੂਲਾਂ ਨੂੰ ਵੀ ਰੌਂਦਿਆ। ਬੁਲਾਰਿਆਂ ਨੇ ਕਿਹਾ ਕਿ ਇਸ ਹਮਲੇ ਦੌਰਾਨ ਅਨੇਕਾਂ ਬੇਗੁਨਾਹ ਸ਼ਰਧਾਲੂ, ਸਿੰਘ-ਸਿੰਘਣੀਆਂ, ਨੌਜਵਾਨ, ਬਜ਼ੁਰਗ ਅਤੇ ਬੱਚੇ ਸ਼ਹੀਦ ਹੋਏ, ਜਦਕਿ ਪਵਿੱਤਰ ਗੁਰੂ ਘਰਾਂ ਨੂੰ ਗੋਲੀਆਂ ਅਤੇ ਗੋਲਿਆਂ ਨਾਲ ਲਹੂ-ਲੁਹਾਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ‘ਤੇ ਕੀਤਾ ਗਿਆ ਇਹ ਹਮਲਾ ਸਿੱਖ ਕੌਮ ਲਈ ਕਦੇ ਨਾ ਭੁੱਲਣ ਵਾਲਾ ਦਰਦ, ਰੋਸ ਅਤੇ ਇਤਿਹਾਸਕ ਚੇਤਾਵਨੀ ਹੈ, ਜਿਸ ਨੂੰ ਹਰ ਪੀੜ੍ਹੀ ਤੱਕ ਪਹੁੰਚਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਿੱਖ ਕੌਮ ਲਈ ਹਮੇਸ਼ਾ ਪ੍ਰੇਰਣਾ, ਚੇਤਨਾ ਅਤੇ ਸੰਘਰਸ਼ ਦਾ ਚਾਨਣ ਬਣੀਆਂ ਰਹਿਣਗੀਆਂ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਸਿਰਫ਼ ਸਮਾਗਮਾਂ ਤੱਕ ਸੀਮਿਤ ਨਾ ਰੱਖਿਆ ਜਾਵੇ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਸ ਇਤਿਹਾਸਕ ਸੱਚਾਈ, ਜ਼ੁਲਮ ਅਤੇ ਕੁਰਬਾਨੀ ਨਾਲ ਜੋੜਿਆ ਜਾਵੇ। ਇਸ ਮੌਕੇ ਗੁਰਦੁਆਰਾ ਸੰਗਤ ਸਾਹਿਬ ਸਿੰਤਰੁਦਨ ਦੇ ਮੁੱਖ ਸੇਵਾਦਾਰ ਭਾਈ ਸੁਰਜੀਤ ਸਿੰਘ, ਕਮੇਟੀ ਮੈਂਬਰ ਭਾਈ ਉਂਕਾਰ ਸਿੰਘ ਨਿੱਜਰ, ਭਾਈ ਸੁਖਵਿੰਦਰ ਸਿੰਘ ਮੁਲਤਾਨੀ, ਭਾਈ ਪ੍ਰਿਥੀਪਾਲ ਸਿੰਘ ਪਟਵਾਰੀ, ਭਾਈ ਬਿੰਦਰ ਸਿੰਘ (ਯੂਰਪੀਅਨ ਸਿੱਖ ਆਰਗੇਨਾਈਜੇਸ਼ਨ), ਭਾਈ ਮਲੂਕ ਸਿੰਘ, ਭਾਈ ਬਲਕਾਰ ਸਿੰਘ ਮਾੜੀ, ਭਾਈ ਲਵਦੀਪ ਸਿੰਘ ਅਤੇ ਭਾਈ ਮਨਜੀਤ ਸਿੰਘ ਮੰਨਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੰਤ ਵਿੱਚ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਆਤਮਿਕ ਯਾਦ ਵਿੱਚ ਅਰਦਾਸ ਕੀਤੀ ਗਈ ਅਤੇ ਪੰਥ ਦੀ ਚੜ੍ਹਦੀ ਕਲਾ, ਏਕਤਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।