ਨਵੀਂ ਦਿੱਲੀ 24 ਜੂਨ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
ਡਾ. ਬੀ.ਆਰ. ਅੰਬੇਡਕਰ ਭਵਨ, ਲੁਧਿਆਣਾ ਵਿਖੇ ਬਹੁਜਨ ਦ੍ਰਾਵਿੜ ਪਾਰਟੀ ਦੀ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਕੌਮੀ ਪ੍ਰਧਾਨ ਜੀਵਨ ਸਿੰਘ ਤਾਮਿਲ, ਤੀਰਥ ਸਿੰਘ, ਇੰਦਰਜੀਤ ਸਿੰਘ, ਡਾ. ਬਿਬੇਕ ਕੁਮਾਰ, ਮਕਸੂਦਲ ਹਕ ਮਲੇਰਕੋਟਲਾ, ਜਸਵੀਰ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਜਗਤਾਰ ਸਿੰਘ, ਭਾਈ ਗੁਰਬੀਰ ਸਿੰਘ ਦੁੱਧੜਾਏ, ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਭਾਈ ਸੁਰਿੰਦਰ ਪਾਲ ਸਿੰਘ ਤਲਾਬਪੁਰਾ ਅਤੇ ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਸਮੇਤ ਕਈ ਹਸਤੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਕੌਮੀ ਪ੍ਰਧਾਨ ਜੀਵਨ ਸਿੰਘ ਤਾਮਿਲ, ਪਾਰਟੀ ਦੇ ਕਨਵੀਨਰ ਤੀਰਥ ਸਿੰਘ ਸਮੇਤ ਹੋਰ ਆਗੂਆਂ ਨੂੰ ਸ੍ਰੀ ਸਾਹਿਬ ਅਤੇ ਕਈ ਮਹੱਤਵਪੂਰਨ ਪੁਸਤਕਾਂ ਭੇਟ ਕੀਤੀਆਂ ਗਈਆਂ। ਇਨ੍ਹਾਂ ਵਿੱਚ ‘ਪੇਰੀਆਰ ਰਤਨਾਵਲੀ’, ਅਮਰਦੀਪ ਸਿੰਘ ਅਮਰ ਦਾ ਨਾਵਲ ‘ਦੀਵਾ ਜੱਗਦਾ ਰਹੇਗਾ’, ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲਿਆਂ ਦੀ ਪੁਸਤਕ ‘ਗੁਰ ਸਾਗਰ’, ‘ਗੁਰੂ ਨਾਨਕ ਸਾਹਿਬ ਜੀ ਦੀ ਅਰਬ ਰਤਨ ਫੇਰੀ’ ਅਤੇ ਡਾ. ਬੀ. ਆਰ. ਅੰਬੇਡਕਰ ਨਾਲ ਸੰਬੰਧਤ ਪੁਸਤਕਾਂ ਸ਼ਾਮਲ ਸਨ। ਇਹ ਪੁਸਤਕਾਂ ਹੋਰ ਹਾਜ਼ਰੀਨਾਂ ਵਿੱਚ ਵੀ ਵੰਡੀਆਂ ਗਈਆਂ। ਮੀਟਿੰਗ ਦੇ ਸਮਾਪਤ ਹੋਣ ਉਪਰੰਤ ਵੱਖ-ਵੱਖ ਪ੍ਰਤੀਨਿਧੀਆਂ ਦਰਮਿਆਨ ਹੋਈਆਂ ਲੰਬੀਆਂ ਗੈਰ-ਰਸਮੀ ਗੱਲਬਾਤਾਂ ਦੌਰਾਨ ਉੱਤਰਾਖੰਡ ਵਿੱਚ ਨਿਹੰਗ ਸਿੰਘਾਂ ਨਾਲ ਵਾਪਰੇ ਘਟਨਾਕ੍ਰਮ, ਸ੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸਕ ਮਹੱਤਵ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਅਤੇ ਸਿੱਖਾਂ ਦੇ ਸ਼ਸਤ੍ਰ ਧਾਰਣ ਕਰਨ ਦੇ ਅਧਿਕਾਰ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਭਵਿੱਖੀ ਕਾਰਜਕ੍ਰਮਾਂ ਸਬੰਧੀ ਮੁੱਢਲੇ ਪੱਧਰ ’ਤੇ ਵੀ ਵਿਚਾਰ-ਵਟਾਂਦਰਾ ਹੋਇਆ। ਇਸ ਤਹਿਤ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਸਿੱਖ-ਬਹੁਲ ਇਲਾਕਿਆਂ ਵਿੱਚ ਸਿੱਖ ਵਿਦਵਾਨਾਂ ਦੀ ਸ਼ਮੂਲੀਅਤ ਨਾਲ ਭਾਈ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਜੀਵਨ ’ਤੇ ਸੈਮੀਨਾਰ ਕਰਵਾਉਣ ਅਤੇ ਸਿਕਲੀਗਰ ਭਾਈਚਾਰੇ ਨਾਲ ਜੁੜੇ ਮਸਲਿਆਂ ਨੂੰ ਉਠਾਉਣ ਬਾਰੇ ਗੱਲਬਾਤ ਕੀਤੀ ਗਈ।












