ਮੋਹਾਲੀ 28 ਜੂਨ ,ਬੋਲੇ ਪੰਜਾਬ ਬਿਊਰੋ:
ਅੱਜ ਮੋਹਾਲੀ ਫੇਸ-6 ਵਿਖੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਏਟਕ (AITUC) ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਉਪ-ਪ੍ਰਧਾਨ ਸ੍ਰੀ ਵਿਨੋਦ ਚੁੱਗ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਵੱਲੋਂ ਕੀਤੀ ਗਈ।
ਮੀਟਿੰਗ ਦੌਰਾਨ ਮੁਲਾਜ਼ਮਾਂ ਨੇ ਸੂਬਾ ਸਰਕਾਰ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨਾਲ ਹੋਈ ਪਿਛਲੀ ਸਹਿਮਤੀ ਤੋਂ ਪਿੱਛੇ ਹਟਣ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਯੂਨੀਅਨ ਆਗੂਆਂ ਨੇ ਦੱਸਿਆ ਕਿ 26 ਮਈ ਤੋਂ 9 ਜੂਨ 2026 ਤੱਕ ਚੱਲੀ ਹੜਤਾਲ ਤੋਂ ਬਾਅਦ, ਮੰਤਰੀ ਜੀ ਦੇ ਭਰੋਸੇ ‘ਤੇ ਹੀ ਮੁਲਾਜ਼ਮਾਂ ਨੇ 10 ਜੂਨ ਤੋਂ ਡਿਊਟੀ ਜੁਆਇਨ ਕੀਤੀ ਸੀ। ਇਹ ਸਹਿਮਤੀ ਬਣੀ ਸੀ ਕਿ ਸਾਰੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੇਵਾ ਵਿੱਚ ਰੱਖਿਆ ਜਾਵੇਗਾ ਅਤੇ ਹੜਤਾਲ ਦੌਰਾਨ ਕੱਟੀ ਗਈ ਗੈਰ-ਹਾਜ਼ਰੀ ਨੂੰ ਦਰੁਸਤ ਕਰਕੇ ਤਨਖਾਹਾਂ ਜਾਰੀ ਕੀਤੀਆਂ ਜਾਣਗੀਆਂ।
ਹਾਲਾਂਕਿ, ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਅਫਸਰਸ਼ਾਹੀ ਅਤੇ ਮੰਤਰੀ ਜੀ ਦੇ ਸਟਾਫ ਵੱਲੋਂ ਹੁਣ ਫੋਨ ਵੀ ਨਹੀਂ ਚੁੱਕੇ ਜਾ ਰਹੇ ਹਨ। ਮੁਲਾਜ਼ਮਾਂ ਦੀਆਂ ਗੈਰ-ਹਾਜ਼ਰੀਆਂ ਅਜੇ ਤੱਕ ਠੀਕ ਨਹੀਂ ਕੀਤੀਆਂ ਗਈਆਂ ਹਨ ਅਤੇ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ।
ਇਸ ਮੀਟਿੰਗ ਵਿੱਚ ਯੂਨੀਅਨ ਨੇ ਆਪਣੀਆਂ ਪ੍ਰਮੁੱਖ ਮੰਗਾਂ ਨੂੰ ਮੁੜ ਦੁਹਰਾਇਆ, ਜਿਨ੍ਹਾਂ ਵਿੱਚ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਕੰਪਨੀ ਦੀ ਬਜਾਏ ਸਿੱਧਾ ਵਿਭਾਗ ਦੇ ਅਧੀਨ ਲਿਆਉਣਾ, ਤਨਖਾਹਾਂ ਵਿੱਚ ਯੋਗ ਵਾਧਾ ਕਰਕੇ ਮਿਨੀਮਮ ਵੇਜ ਗਰੇਡ ਲਾਗੂ ਕਰਨਾ, ਐਤਵਾਰ ਅਤੇ ਹੋਰ ਸਰਕਾਰੀ ਛੁੱਟੀਆਂ ਦਾ ਲਾਭ ਦੇਣਾ, ਵਾਧੂ ਡਿਊਟੀ ਲਈ ਓਵਰਟਾਈਮ ਜਾਂ ਟੀ.ਏ./ਡੀ.ਏ. ਦਾ ਭੁਗਤਾਨ ਕਰਨਾ, ਅਤੇ ਸਕਿਉਰਟੀ ਗਾਰਡਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨਾ ਸ਼ਾਮਲ ਹੈ। ਨਾਲ ਹੀ, ਕਰਮਚਾਰੀਆਂ ਨਾਲ ਹੁੰਦਾ ਵਿਤਕਰਾ ਬੰਦ ਕਰਨ ਦੀ ਮੰਗ ਵੀ ਜ਼ੋਰ-ਸ਼ੋਰ ਨਾਲ ਉਠਾਈ ਗਈ।
ਅੰਤ ਵਿੱਚ, ਯੂਨੀਅਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਸਰਕਾਰ ਨੇ ਜਲਦੀ ਹੀ ਇਹਨਾਂ ਕਾਨੂੰਨੀ ਅਤੇ ਵਾਜਬ ਮੰਗਾਂ ਨੂੰ ਪੂਰਾ ਨਾ ਕੀਤਾ, ਤਾਂ 10 ਜੁਲਾਈ 2026 ਤੋਂ ਬਾਅਦ ਟਰੇਡ ਯੂਨੀਅਨ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੁੜ ਤੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।












