ਨਵੀ ਦਿੱਲੀ , 5 ਜੁਲਾਈ ,ਬੋਲੇ ਪੰਜਾਬ ਬਿਊਰੋ :
ਮਹਿਲਾ ਟੀ-20 ਵਰਲਡ ਕੱਪ ਦਾ ਫਾਈਨਲ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਲਾਰਡਸ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਅੱਜ 5 ਜੁਲਾਈ ਨੂੰ ਲਾਰਡਸ ਦੇ ਮੈਦਾਨ ’ਤੇ ਖੇਡੇ ਜਾਣ ਵਾਲੇ ਫਾਈਨਲ ਮੁਕਾਬਲੇ ਵਿੱਚ ਆਹਮੋ-ਸਾਹਮਣੇ ਹੋਣਗੀਆਂ, ਅਤੇ ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਤੋਂ ਖੇਡਿਆ ਜਾਵੇਗਾ।
ਆਈਸੀਸੀ ਮਹਿਲਾ ਟੀ-20 ਵਰਲਡ ਕੱਪ 2026 ਵਿੱਚ ਭਾਰਤੀ ਟੀਮ ਦਾ ਸਫ਼ਰ ਭਾਵੇਂ ਗਰੁੱਪ ਸਟੇਜ ਵਿੱਚ ਹੀ ਖ਼ਤਮ ਹੋ ਗਿਆ, ਪਰ ਭਾਰਤ ਦੀ ਧੀ ਵਰਿੰਦਾ ਰਾਠੀ ਫਾਈਨਲ ਮੁਕਾਬਲੇ ਵਿੱਚ ਵੱਡੀ ਜ਼ਿੰਮੇਵਾਰੀ ਨਿਭਾਉਂਦੀ ਹੋਈ ਨਜ਼ਰ ਆਵੇਗੀ। ਅੱਜ ਟੀ-20 ਵਰਲਡ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਆਨ-ਫੀਲਡ ਅੰਪਾਇਰ ਵਜੋਂ ਭਾਰਤ ਦੀ ਵਰਿੰਦਾ ਰਾਠੀ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਦੂਜੀ ਅੰਪਾਇਰ ਜੈਕਲੀਨ ਵਿਲੀਅਮਜ਼ ਹੋਵੇਗੀ। ਵਰਿੰਦਾ ਰਾਠੀ ਆਈਸੀਸੀ ਮਹਿਲਾ ਟੀ-20 ਵਰਲਡ ਕੱਪ ਦੇ ਫਾਈਨਲ ਵਿੱਚ ਆਨ-ਫੀਲਡ ਅੰਪਾਇਰਿੰਗ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚਣ ਜਾ ਰਹੀ ਹੈ।
ਵਰਿੰਦਾ ਰਾਠੀ ਭਾਰਤ ਦੀ ਮਹਿਜ਼ ਦੂਜੀ ਅਜਿਹੀ ਅੰਪਾਇਰ ਬਣੇਗੀ ਜੋ ਵਰਲਡ ਕੱਪ ਫਾਈਨਲ ਵਿੱਚ ਆਨ-ਫੀਲਡ ਅੰਪਾਇਰਿੰਗ ਦੀ ਜ਼ਿੰਮੇਵਾਰੀ ਸੰਭਾਲੇਗੀ। ਇਸ ਤੋਂ ਪਹਿਲਾਂ ਸਾਲ 1987 ਦੇ ਪੁਰਸ਼ ਵਨਡੇ ਵਰਲਡ ਕੱਪ ਫਾਈਨਲ ਵਿੱਚ, ਜੋ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਖੇਡਿਆ ਗਿਆ ਸੀ, ਭਾਰਤ ਦੇ ਰਾਮ ਬਾਬੂ ਗੁਪਤਾ ਨੇ ਅੰਪਾਇਰਿੰਗ ਕੀਤੀ ਸੀ।
ਇਸ ਮੈਚ ਵਿੱਚ ਜਿੱਥੇ ਵਰਿੰਦਾ ਰਾਠੀ ਅਤੇ ਜੈਕਲੀਨ ਵਿਲੀਅਮਜ਼ ਆਨ-ਫੀਲਡ ਅੰਪਾਇਰਿੰਗ ਦੀ ਜ਼ਿੰਮੇਵਾਰੀ ਸੰਭਾਲਣਗੀਆਂ, ਉੱਥੇ ਹੀ ਥਰਡ ਅੰਪਾਇਰ ਕਿਮ ਕਾਟਨ ਹੋਵੇਗੀ। ਇਸ ਦੇ ਨਾਲ ਹੀ ਮੈਚ ਰੈਫਰੀ ਦੀ ਜ਼ਿੰਮੇਵਾਰੀ ਭਾਰਤ ਦੀ ਜੀਐਸ ਲਕਸ਼ਮੀ ਨਿਭਾਏਗੀ, ਜਿਸ ਨੇ ਇਸ ਤੋਂ ਪਹਿਲਾਂ ਸਾਲ 2023 ਅਤੇ 2024 ਦੇ ਟੀ-20 ਵਰਲਡ ਕੱਪ ਫਾਈਨਲ ਵਿੱਚ ਵੀ ਇਹ ਜ਼ਿੰਮੇਵਾਰੀ ਸੰਭਾਲੀ ਸੀ।












