ਪੂਰੇ ਉਤਸ਼ਾਹ ਨਾਲ ‘ਸਹੇਲੀ’ ਪ੍ਰੋਜੈਕਟ ਦਾ ਹੋਇਆ ਆਗਾਜ਼

ਪੰਜਾਬ

ਸੇਵਾ, ਦਇਆ ਅਤੇ ਸਾਂਝੀ ਜ਼ਿੰਮੇਵਾਰੀ ਨਾਲ ਹੀ ਆਵੇਗਾ ਸਮਾਜ ਵਿੱਚ ਸਥਾਈ ਬਦਲਾਅ : ਬਲਜੀਤ ਸਿੰਘ

ਮੋਹਾਲੀ 5 ਜੁਲਾਈ ,ਬੋਲੇ ਪੰਜਾਬ ਬਿਊਰੋ:

ਮਹਿਲਾਵਾਂ ਅਤੇ ਕੁੜੀਆਂ ਨੂੰ ਸੁਰੱਖਿਅਤ, ਸਨਮਾਨਯੋਗ ਅਤੇ ਸਸ਼ਕਤ ਜੀਵਨ ਪ੍ਰਦਾਨ ਕਰਨ ਦੇ ਮਕਸਦ ਨਾਲ ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਅਤੇ ਰੋਰ ਫਾਰ ਚੇਂਜ ਵੱਲੋਂ ‘ਸਹੇਲੀ’ ਪ੍ਰੋਜੈਕਟ ਦਾ ਪੂਰੇ ਉਤਸ਼ਾਹ ਨਾਲ ਆਗਾਜ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਅਤੇ ਰੋਰ ਫਾਰ ਚੇਂਜ ਦੇ ਚੇਅਰਮੈਨ ਬਲਜੀਤ ਸਿੰਘ ਨੇ ਇੱਕ ਪ੍ਰੈਸ ਨੋਟ ਰਾਹੀਂ ਮੁਹਾਲੀ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਨੇਵਾਰਕ ਸ਼ਹਿਰ ਵਿੱਚ ਕਰਵਾਏ ਗਏ ਉਦਘਾਟਨੀ ਸਮਾਗਮ ਵਿੱਚ ਚੁਣੇ ਹੋਏ ਲੋਕ ਪ੍ਰਤੀਨਿਧੀਆਂ, ਸਮਾਜਿਕ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਅਧਿਆਪਕਾਂ, ਸਿਹਤ ਖੇਤਰ ਦੇ ਮਾਹਿਰਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਨੇਵਾਰਕ ਦੇ ਮੇਅਰ ਮਾਈਕਲ ਹੈਨਨ ਨੇ ਸ਼ਿਰਕਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪ੍ਰੋਜੈਕਟ ਹਰ ਮਹਿਲਾ ਅਤੇ ਹਰ ਕੁੜੀ ਲਈ ਸੁਰੱਖਿਆ, ਸਨਮਾਨ ਅਤੇ ਬਰਾਬਰ ਦੇ ਮੌਕੇ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਸਮਾਜ ਵਿੱਚ ਆਪਸੀ ਵਿਸ਼ਵਾਸ, ਹਮਦਰਦੀ ਅਤੇ ਬਰਾਬਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।
ਬਲਜੀਤ ਸਿੰਘ ਨੇ ਕਿਹਾ ਕਿ ‘ਸਹੇਲੀ’ ਪ੍ਰੋਜੈਕਟ ਸਿਰਫ਼ ਇੱਕ ਯੋਜਨਾ ਨਹੀਂ, ਸਗੋਂ ਸੇਵਾ, ਦਇਆ ਅਤੇ ਸਾਂਝੀ ਜ਼ਿੰਮੇਵਾਰੀ ‘ਤੇ ਆਧਾਰਿਤ ਇੱਕ ਸਮਾਜਿਕ ਲਹਿਰ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਪਰਿਵਾਰਾਂ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਦੀ ਸਭ ਤੋਂ ਵੱਡੀ ਨੀਂਹ ਹੈ ਅਤੇ ਇਸੇ ਸੋਚ ਨਾਲ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਸਹੇਲੀ’, ਜਿਸ ਦਾ ਅਰਥ ਇੱਕ ਭਰੋਸੇਮੰਦ ਸਾਥੀ ਹੈ, ਦੇ ਤਹਿਤ ਮਹਿਲਾਵਾਂ ਅਤੇ ਕੁੜੀਆਂ ਨੂੰ ਸਿੱਖਿਆ, ਮਾਰਗਦਰਸ਼ਨ, ਕਾਨੂੰਨੀ ਸਲਾਹ, ਸੰਕਟ ਦੀ ਘੜੀ ਵਿੱਚ ਸਹਾਇਤਾ, ਮਾਨਸਿਕ ਸਿਹਤ ਨਾਲ ਜੁੜੀਆਂ ਸੇਵਾਵਾਂ, ਲੀਡਰਸ਼ਿਪ ਵਿਕਾਸ ਅਤੇ ਵੱਖ-ਵੱਖ ਸਮਾਜਿਕ ਭਾਈਵਾਲੀਆਂ ਰਾਹੀਂ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਉਹ ਆਤਮ-ਵਿਸ਼ਵਾਸ, ਸਨਮਾਨ ਅਤੇ ਸਵੈ-ਨਿਰਭਰਤਾ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਉਨ੍ਹਾਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਮੇਅਰ, ਵਿਸ਼ੇਸ਼ ਮਹਿਮਾਨਾਂ, ਸਹਿਯੋਗੀ ਸੰਸਥਾਵਾਂ, ਸੇਵਾਦਾਰਾਂ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ।
ਪ੍ਰੋਜੈਕਟ ਦੇ ਪ੍ਰੋਗਰਾਮ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ‘ਸਹੇਲੀ’ ਹਰ ਉਮਰ ਦੀਆਂ ਮਹਿਲਾਵਾਂ ਅਤੇ ਕੁੜੀਆਂ ਲਈ ਇੱਕ ਭਰੋਸੇਯੋਗ ਸਹਾਰਾ ਬਣੇਗੀ ਅਤੇ ਸਿੱਖਿਆ, ਜਾਗਰੂਕਤਾ, ਮਾਰਗਦਰਸ਼ਨ ਅਤੇ ਸਾਂਝੇ ਉਪਰਾਲਿਆਂ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਮਹਿਲਾ ਜਾਂ ਕੁੜੀ ਆਪਣੇ ਆਪ ਨੂੰ ਇਕੱਲੀ ਮਹਿਸੂਸ ਨਾ ਕਰੇ। ਬਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਪ੍ਰੋਜੈਕਟ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ, ਜਿਸ ਤਹਿਤ ਸਿੱਖਿਆ ਸੰਬੰਧੀ ਵਰਕਸ਼ਾਪਾਂ, ਨੌਜਵਾਨਾਂ ਲਈ ਲੀਡਰਸ਼ਿਪ ਪ੍ਰੋਗਰਾਮ, ਜਾਗਰੂਕਤਾ ਮੁਹਿੰਮਾਂ, ਪੇਸ਼ੇਵਰ ਮਾਰਗਦਰਸ਼ਨ, ਐਮਰਜੈਂਸੀ ਸਹਾਇਤਾ ਯੋਜਨਾਵਾਂ ਅਤੇ ਸਮਾਜਿਕ, ਸਿੱਖਿਆ, ਸਿਹਤ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਈ ਲੋਕ ਭਲਾਈ ਦੇ ਉਪਰਾਲੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਸਰਬੱਤ ਦਾ ਭਲਾ’ ਦੇ ਸਿਧਾਂਤ ਤੋਂ ਪ੍ਰੇਰਿਤ ਹੈ ਅਤੇ ਇਸ ਦਾ ਮਕਸਦ ਅਜਿਹਾ ਸਮਾਜ ਸਿਰਜਣਾ ਹੈ, ਜਿੱਥੇ ਹਰ ਧੀ ਦਾ ਸਨਮਾਨ ਹੋਵੇ, ਹਰ ਮਹਿਲਾ ਨੂੰ ਇੱਜ਼ਤ ਅਤੇ ਬਰਾਬਰ ਦੇ ਮੌਕੇ ਮਿਲਣ ਅਤੇ ਹਰ ਪਰਿਵਾਰ ਨੂੰ ਅੱਗੇ ਵਧਣ ਲਈ ਲੋੜੀਂਦਾ ਸਹਿਯੋਗ ਪ੍ਰਾਪਤ ਹੋਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।