ਚੰਡੀਗੜ੍ਹ, 6 ਜੁਲਾਈ ,ਬੋਲੇ ਪੰਜਾਬ ਬਿਊਰੋ;
ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ, ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀ ਕਿਹਾ ਹੈ ਕਿ ਸੂਬੇ ਅੰਦਰ ਸਫਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਅਤੇ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਭਲਕੇ ਤੋਂ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦਾ ਜੱਥੇਬੰਦੀ ਵਲੋਂ ਪੂਰਣ ਸਮਰਥਨ ਕੀਤਾ ਜਾਂਦਾ ਹੈ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਸਫਾਈ ਸੇਵਕਾਂ ਵਲੋਂ ਲਗ-ਭਗ ਮਹੀਨਾ ਭਰ ਹੜਤਾਲ ਕਰਕੇ ਪੂਰਣ ਤੌਰ ਤੇ ਕੰਮ ਬੰਦ ਰੱਖਿਆ ਸੀ ਅਤੇ ਸੰਘਰਸ਼ ਦੇ ਦਬਾਅ ਸਦਕਾ ਸਰਕਾਰ ਵਲੌਂ ਕੀਤੀ ਮੀਟਿੰਗ ਵਿੱਚ ਕੋਈ ਵੀ ਮੰਗ ਪ੍ਰਵਾਨ ਨਹੀਂ ਕੀਤੀ ਗਈ ਜਿਸ ਕਾਰਣ ਮੁੜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਸੰਘਰਸ਼ਮਈ ਗੌਰਵ ਨੂੰ ਲਤਾੜਦੇ ਹੋਏ ਪੰਜਾਬ ਦੇ ਲੋਕਾਂ ਨੂੰ ਮੁਫਤ ਅਤੇ ਬੇਲੋੜੀਆਂ ਸਹੂਲਤਾਂ ਦੇ ਕੇ ਮੰਗਤੇ ਬਣਾ ਦਿੱਤਾ ਹੈ। ਭਗਵੰਤ ਮਾਨ ਵਲੋਂ ਪੰਜਾਬ ਦੇ ਵਿਕਾਸ ਲਈ ਜਲਦੀ-ਜਲਦੀ ਕਰਜੇ ਚੁੱਕੇ ਜਾ ਰਹੇ ਹਨ ਅਤੇ ਸਾਰਾ ਪੈਸਾ ਆਪਣੇ ਦਿੱਲੀ ਵਾਲੇ ਆਕਾ ਦੀ ਐਸ਼ ਪ੍ਰਸਤੀ ਤੇ ਲੁਟਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਉਲੀਕੇ ਗਏ ਸੰਘਰਸ਼ਾਂ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਆਗੂਆਂ ਵਲੋਂ ਸਮੂਹ ਮੁਲਾਜ਼ਮ ਵਰਗ ਨੂੰ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ ਕਰਨ ਅਤੇ ਉਹਨਾਂ ਵਲੋਂ ਕੀਤੇ ਜਾਣ ਵਾਲੇ ਐਕਸ਼ਨਾਂ ਵਿੱਚ ਭਰਵੀ ਹਾਜਰੀ ਦੀ ਅਪੀਲ ਕੀਤੀ ਗਈ ਹੈ।












