ਨਵੀਂ ਦਿੱਲੀ, 9 ਜੁਲਾਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):–
ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਅਤੇ 1990 ਦੇ ਦਹਾਕੇ ਦੌਰਾਨ ਸਿੱਖਾਂ ‘ਤੇ ਹੋਏ ਕਥਿਤ ਤਸ਼ੱਦਦ ਨੂੰ ਦਰਸਾਉਣ ਵਾਲੀ ‘ਸਤਲੁਜ’ ਫਿਲਮ ਨੂੰ ਓਟੀਟੀ ਪਲੇਟਫਾਰਮ ਤੋਂ ਹਟਾਉਣਾ ਸਰਕਾਰ ਦੀ ਸਿੱਖ ਵਿਰੋਧੀ ਸੋਚ ਦਾ ਇੱਕ ਹੋਰ ਸਬੂਤ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੇ ਸਰਕਾਰ ਦੀ ਅਸਲ ਮਾਨਸਿਕਤਾ ਨੂੰ ਮੁੜ ਬੇਨਕਾਬ ਕਰ ਦਿੱਤਾ ਹੈ ਅਤੇ ਸਮੁੱਚੀ ਸਿੱਖ ਕੌਮ ਇਸ ਦੀ ਸਖ਼ਤ ਨਿੰਦਾ ਕਰਦੀ ਹੈ। ਭਾਈ ਅਤਲਾ ਨੇ ਕਿਹਾ ਕਿ ਫਿਲਮ ਆਪਣੇ ਨਿਰਮਾਣ ਤੋਂ ਹੀ ਰੁਕਾਵਟਾਂ ਦਾ ਸਾਹਮਣਾ ਕਰਦੀ ਰਹੀ। ਪਹਿਲਾਂ ਇਸ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਅਤੇ ਹੁਣ ਤਿੰਨ ਸਾਲ ਦੀ ਲੰਬੀ ਉਡੀਕ ਤੋਂ ਬਾਅਦ ਜਦੋਂ ਇਹ ਜ਼ੀ-5 ‘ਤੇ ਦਰਸ਼ਕਾਂ ਲਈ ਉਪਲਬਧ ਹੋਈ ਤਾਂ ਇਸ ਨੂੰ ਉੱਥੋਂ ਵੀ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਦਮ ਪ੍ਰਗਟਾਵੇ ਦੀ ਆਜ਼ਾਦੀ ਅਤੇ ਇਤਿਹਾਸਕ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਫਿਲਮ ਵਿੱਚ ਇਤਿਹਾਸ ਦੇ ਦਰਦਨਾਕ ਪੱਖ ਨੂੰ ਦਰਸਾਇਆ ਜਾਂਦਾ ਹੈ ਤਾਂ ਉਸ ਨੂੰ ਪਾਬੰਦੀਆਂ ਰਾਹੀਂ ਦਬਾਉਣਾ ਲੋਕਤੰਤਰ ਦੀ ਭਾਵਨਾ ਦੇ ਉਲਟ ਹੈ। ਅਜਿਹੀਆਂ ਇਤਿਹਾਸਕ ਫਿਲਮਾਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਦੀਆਂ ਹਨ ਅਤੇ ਸੱਚ ਨੂੰ ਸਮਝਣ ਦਾ ਮੌਕਾ ਦਿੰਦੀਆਂ ਹਨ। ਭਾਈ ਅਤਲਾ ਨੇ ਮੰਗ ਕੀਤੀ ਕਿ ‘ਸਤਲੁਜ’ ਫਿਲਮ ਨੂੰ ਤੁਰੰਤ ਮੁੜ ਓਟੀਟੀ ਪਲੇਟਫਾਰਮ ਦੇ ਨਾਲ ਸੀਨੇਮਾਘਰਾਂ ‘ਤੇ ਉਪਲਬਧ ਕਰਵਾਇਆ ਜਾਵੇ ਅਤੇ ਕਲਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕੀਤਾ ਜਾਵੇ।












