ਚੰਡੀਗੜ੍ਹ 12 ਜੁਲਾਈ ,ਬੋਲੇ ਪੰਜਾਬ ਬਿਊਰੋ;
ਕੈਨੇਡਾ ਦੇ ਟੋਰਾਂਟੋ ਵਿੱਚ ਇੱਕ ਸਟ੍ਰੀਟ ਫੈਸਟੀਵਲ ਦੌਰਾਨ ਫਾਇਰਿੰਗ ਹੋਣ ਦੀ ਖਬਰ ਸ੍ਹਾਮਣੇ ਆਈ ਹੈ। ਇਸ ਫਾਇਰਿੰਗ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਗੋਲੀਬਾਰੀ ਸ਼ਨੀਵਾਰ ਰਾਤ ਨੂੰ ਮਸ਼ਹੂਰ ਸਾਲਾਨਾ ਸਟ੍ਰੀਟ ਫੈਸਟੀਵਲ ‘ਸਾਲਸਾ ਆਨ ਸੇਂਟ ਕਲੇਅਰ’ ਦੌਰਾਨ ਹੋਈ। ਜਿੱਥੇ ਲੋਕ ਸਾਲਾਨਾ ਲੈਟਿਨੋ-ਥੀਮ ਵਾਲੇ ਸੱਭਿਆਚਾਰਕ ਜਸ਼ਨ ਲਈ ਵੱਡੀ ਗਿਣਤੀ ‘ਚ ਇਕੱਠੇ ਹੋਏ ਸਨ।
ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਘਟਨਾ ਸਥਾਨ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ। ਹਾਲਾਂਕਿ, ਤਾਜ਼ਾ ਅਪਡੇਟ ਦੇ ਸਮੇਂ ਤੱਕ ਕਿਸੇ ਸ਼ੱਕੀ ਜਾਂ ਕਿਸੇ ਵੀ ਗ੍ਰਿਫ਼ਤਾਰੀ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਇਹ ਫਾਇਰਿੰਗ ਫੈਸਟੀਵਲ ਦੀ ਮੇਨ ਸਟੇਜ ਦੇ ਬਿਲਕੁਲ ਨੇੜੇ ਹੋਈ, ਜਿੱਥੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ।
ਅੱਗੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਫਾਇਰਿੰਗ ਦੌਰਾਨ 5 ਲੋਕਾਂ ਨੂੰ ਗੋਲੀਆਂ ਲੱਗੀਆਂ ਸਨ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ‘ਚੋਂ 2 ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਫਾਇਰਿੰਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।












