ਨਵੀਂ ਦਿੱਲੀ, 16 ਜੁਲਾਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਚਾਰ ਦਿਨਾਂ ਦੇ ਹੈਲਥ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਦੌਰਾਨ ਕੁਦਰਤੀ ਜੀਵਨ ਸ਼ੈਲੀ, ਸੰਤੁਲਿਤ ਆਹਾਰ ਅਤੇ ਸਿਹਤ ਪ੍ਰਤੀ ਜਾਗਰੂਕਤਾ ਰਾਹੀਂ ਬਿਹਤਰ ਜੀਵਨ ਜਿਉਣ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਮਨਜੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਖੰਨਾ, ਪ੍ਰੀਤ ਪ੍ਰਤਾਪ ਸਿੰਘ, ਹਰਜੀਤ ਸਿੰਘ ਰਾਜਾ ਬਖ਼ਸ਼ੀ ਅਤੇ ਸਮੂਹ ਕਮੇਟੀ ਦੇ ਵਿਸ਼ੇਸ਼ ਯਤਨਾਂ ਸਦਕਾ ਇਸ 4 ਦਿਨਾਂ ਦੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਐਨ.ਡੀ.ਐਸ. ਦੇ ਸੰਸਥਾਪਕ ਬੀ. ਵੀ. ਚੌਹਾਨ, ਮੁੱਖ ਵਕਤਾ ਨਰਹਰੀ ਭਾਈ ਪਾਂਡਿਆ ਅਤੇ ਅੰਤਰਰਾਸ਼ਟਰੀ ਮੋਟੀਵੇਸ਼ਨਲ ਸਪੀਕਰਾਂ ਨੇ ਕੁਦਰਤੀ ਭੋਜਨ ਪ੍ਰਣਾਲੀ ਅਤੇ ਤੰਦਰੁਸਤ ਜੀਵਨ ਸ਼ੈਲੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਵਕਤਾਵਾਂ ਨੇ ਦੱਸਿਆ ਕਿ ਸਹੀ ਖੁਰਾਕ ਅਤੇ ਕੁਦਰਤੀ ਜੀਵਨ ਸ਼ੈਲੀ ਅਪਣਾ ਕੇ ਮੋਟਾਪਾ, ਸ਼ੂਗਰ, ਉੱਚ ਰਕਤਚਾਪ, ਕੋਲੇਸਟਰੋਲ, ਦਿਲ, ਗੁਰਦੇ, ਜਿਗਰ, ਥਾਇਰਾਇਡ, ਗੈਸ, ਮਾਈਗ੍ਰੇਨ, ਗਠੀਆ, ਸਾਇਟੀਕਾ, ਸਰਵਾਈਕਲ, ਡਿਪ੍ਰੈਸ਼ਨ ਅਤੇ ਹੋਰ ਕਈ ਪੁਰਾਣੀਆਂ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਸਰਦਾਰ ਹਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਨਾ ਸਿਰਫ਼ ਦਿੱਲੀ ਸਗੋਂ ਦਿੱਲੀ ਤੋਂ ਬਾਹਰਲੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਭਾਗ ਲਿਆ।












