ਐਫ਼.ਏ.ਐੱਸ.ਸੀ. ਮੋਹਾਲੀ ਅਤੇ ਪੀ.ਏ.ਯੂ. ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਝੋਨੇ ਵਿੱਚ ਬੌਣੇ ਵਾਇਰਸ ਦੀ ਨਿਗਰਾਨੀ ਲਈ ਸਾਂਝਾ ਸਰਵੇਖਣ

ਪੰਜਾਬ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਜੁਲਾਈ ,ਬੋਲੇ ਪੰਜਾਬ ਬਿਊਰੋ:

ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰ (ਐਫ਼.ਏ.ਐੱਸ.ਸੀ.) ਮੋਹਾਲੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਪਿੰਡ ਸ਼ਾਹਪੁਰ, ਕਾਲੇਵਾਲ, ਬਦਨਪੁਰ, ਬਰੋਲੀ, ਮਜਾਤ, ਮਜਾਤਰੀ, ਧੜਾਕ, ਘੜੂੰਆਂ, ਸਿੰਘਪੁਰਾ, ਸਾਹੋਲੀ, ਗੜਾਂਗਾਂ ਆਦਿ ਵਿੱਚ ਝੋਨੇ ਦੀ ਫ਼ਸਲ ਵਿੱਚ ਬੌਣੇ ਵਾਇਰਸ ਦੀ ਸਥਿਤੀ ਅਤੇ ਇਸ ਦੇ ਫੈਲਾਅ ਲਈ ਜ਼ਿੰਮੇਵਾਰ ਕੀਟਾਂ ਦੀ ਨਿਗਰਾਨੀ ਲਈ ਸਾਂਝਾ ਸਰਵੇਖਣ ਕੀਤਾ ਗਿਆ।

ਇਹ ਸਰਵੇਖਣ ਐਫ਼.ਏ.ਐੱਸ.ਸੀ. ਮੋਹਾਲੀ ਦੇ ਡਾ. ਆਰ. ਐਸ. ਘੁੰਮਣ, ਸੀਨੀਅਰ ਐਕਸਟੈਂਸ਼ਨ ਸਪੈਸ਼ਲਿਸਟ (ਐਗਰੋਨੋਮੀ) ਅਤੇ ਪੀ.ਏ.ਯੂ. ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਦੀ ਡਾ. ਰੂਬਲਜੋਤ ਕੂੰਨਰ ਵੱਲੋਂ ਕੀਤਾ ਗਿਆ।

ਸਰਵੇਖਣ ਦੌਰਾਨ ਵਿਗਿਆਨੀਆਂ ਨੇ ਵੱਖ-ਵੱਖ ਪਿੰਡਾਂ ਦੇ ਝੋਨੇ ਦੇ ਖੇਤਾਂ ਦਾ ਦੌਰਾ ਕਰਕੇ ਬੌਣੇ (ਡਵਾਰਫਿੰਗ) ਵਾਇਰਸ ਦੇ ਲੱਛਣਾਂ ਜਿਵੇਂ ਕਿ ਪੌਦਿਆਂ ਦਾ ਮਧਰਾ ਰਹਿ ਜਾਣਾ, ਵੱਧ ਟਿੱਲਰ ਨਿਕਲਣਾ, ਪੱਤਿਆਂ ਦਾ ਪੀਲਾ ਪੈਣਾ ਅਤੇ ਪੌਦਿਆਂ ਦੀ ਵਾਧ ਵਿੱਚ ਕਮੀ ਆਦਿ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਚਿੱਟੀ ਪਿੱਠ ਵਾਲਾ ਟਿੱਡਾ (ਵ੍ਹਾਈਟ-ਬੈਕਡ ਪਲਾਂਟ ਹੌਪਰ), ਜੋ ਇਸ ਵਾਇਰਸ ਨੂੰ ਫੈਲਾਉਣ ਵਾਲਾ ਮੁੱਖ ਕੀਟ ਹੈ, ਦੀ ਮੌਜੂਦਗੀ ਦਾ ਵੀ ਮੁਆਇਨਾ ਕੀਤਾ ਗਿਆ। ਸਰਵੇਖਣ ਦੌਰਾਨ ਕੁਝ ਖੇਤਾਂ ਵਿੱਚ ਵ੍ਹਾਈਟ-ਬੈਕਡ ਪਲਾਂਟ ਹੌਪਰ ਦੀ ਮੌਜੂਦਗੀ ਪਾਈ ਗਈ।

ਵਿਗਿਆਨੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫ਼ਸਲ, ਖ਼ਾਸ ਕਰਕੇ ਵਾਧੇ ਦੇ ਸ਼ੁਰੂਆਤੀ ਪੜਾਅ ਦੌਰਾਨ, ਨਿਯਮਿਤ ਨਿਗਰਾਨੀ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਖੇਤ ਵਿੱਚ ਬੌਣੇਪਣ ਦੇ ਲੱਛਣ ਜਾਂ ਕੀਟਾਂ ਦਾ ਅਸਧਾਰਨ ਹਮਲਾ ਨਜ਼ਰ ਆਵੇ ਤਾਂ ਤੁਰੰਤ ਨਜ਼ਦੀਕੀ ਪੀ.ਏ.ਯੂ. ਫਾਰਮ ਐਡਵਾਈਜ਼ਰੀ ਸਰਵਿਸ ਸੈਂਟਰ, ਖੇਤੀਬਾੜੀ ਵਿਭਾਗ ਜਾਂ ਪੀ.ਏ.ਯੂ. ਲੁਧਿਆਣਾ ਨਾਲ ਸੰਪਰਕ ਕੀਤਾ ਜਾਵੇ।

ਇਸ ਮੌਕੇ ਕਿਸਾਨਾਂ ਨੂੰ ਵ੍ਹਾਈਟ-ਬੈਕਡ ਪਲਾਂਟ ਹੌਪਰ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸਿਫ਼ਾਰਸ਼ਸ਼ੁਦਾ ਕੀਟਨਾਸ਼ਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਗਿਆਨੀਆਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੀ ਫ਼ਸਲ ਦੀ ਸੁਰੱਖਿਆ ਅਤੇ ਪੰਜਾਬ ਵਿੱਚ ਟਿਕਾਊ ਝੋਨਾ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਪੂਰੇ ਸੀਜ਼ਨ ਦੌਰਾਨ ਖੇਤਾਂ ਦੀ ਨਿਯਮਿਤ ਨਿਗਰਾਨੀ ਜਾਰੀ ਰੱਖੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।