ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਫ਼ਲਦਾਰ ਅਤੇ ਰਵਾਇਤੀ ਪੌਦਿਆਂ ਦਾ ਲਗਾਇਆ ਲੰਗਰ
ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਇਸ ਸੀਜਨ 55,000 ਬੂਟੇ ਲਗਾਉਣ ਦਾ ਟੀਚਾ – ਬਰਸਟ
ਐਸ.ਏ.ਐਸ. ਨਗਰ (ਮੋਹਾਲੀ) 22 ਜੁਲਾਈ,ਬੋਲੇ ਪੰਜਾਬ ਬਿਊਰੋ;
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਫ਼ਲਦਾਰ ਅਤੇ ਰਵਾਇਤੀ ਪੌਦਿਆਂ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਵੱਲੋਂ ਮੰਡੀ ਬੋਰਡ ਦੇ ਮੁੱਖ ਦਫ਼ਤਰ ਤੇ ਮਾਡਰਨ ਫਲ ਅਤੇ ਸਬਜੀ ਮੰਡੀ, ਮੋਹਾਲੀ ਵਿਖੇ 100 ਬੂਟੇ ਲਗਾਏ ਗਏ ਅਤੇ ਉਹਨਾਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੌਂਪੀ ਗਈ। ਇਸ ਮੌਕੇ ਆਮ ਲੋਕਾਂ ਨੂੰ ਵਾਤਾਵਰਨ ਦੀ ਮਹਤੱਤਾ ਬਾਰੇ ਦੱਸਿਆ ਗਿਆ ਅਤੇ 700 ਬੂਟੇ ਵੰਡੇ ਗਏ।
ਇਸ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਬੂਟੇ ਲਗਾਏ ਗਏ ਸਨ, ਜਿਨ੍ਹਾਂ ਦੀ ਪਰਵਰਿਸ਼ ਵੀ ਕੀਤੀ ਜਾ ਰਹੀ ਹੈ, ਜਿਸ ਕਰਕੇ ਉਹ ਪੌਦੇ ਕਰੀਬ 10-12 ਫੁੱਟ ਲੰਬੇ ਹੋ ਗਏ ਹਨ, ਜਿਨ੍ਹਾਂ ਨੂੰ ਦੇਖ ਕੇ ਸ. ਬਰਸਟ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿੱਚ ਜੋ ਤਬਦੀਲੀਆਂ ਆ ਰਹੀਆਂ ਹਨ, ਉਹ ਸਾਨੂੰ ਸਿੱਧੇ ਤੌਰ ਤੇ ਇਹ ਸੰਕੇਤ ਦੇ ਰਹੀਆਂ ਹਨ ਕਿ ਦਿਨੋਂ-ਦਿਨ ਲੋਕ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਨ। ਵੱਧ ਰਹੀ ਤਪਸ਼ ਨੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਗਰਮੀ ਵਿੱਚ ਹੋ ਰਹੇ ਵਾਧੇ ਦਾ ਅਸਰ ਆਮ ਲੋਕਾਂ ਦੇ ਜੀਵਨ ਤੇ ਪੈ ਰਿਹਾ ਹੈ। ਇਸ ਲਈ ਸਾਰਿਆਂ ਨੂੰ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਜੋ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਰਹਿ ਸਕੇ।
ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਰੁੱਖਾਂ ਦਾ ਅਹਿਮ ਰੋਲ ਹੁੰਦਾ ਹੈ। ਬਰਸਾਤ ਦਾ ਮੌਸਮ ਬੂਟੇ ਲਗਾਉਣ ਲਈ ਸਭ ਤੋਂ ਵੱਧ ਲਾਭਕਾਰੀ ਹੈ, ਕਿਉਂਕਿ ਇਹਨਾਂ ਦਿਨਾਂ ਵਿੱਚ ਲਗਾਏ ਪੌਦੇ ਬੜੀ ਆਸਾਨੀ ਨਾਲ ਚੱਲ ਪੈਂਦੇ ਹਨ। ਪਰ ਅਜੋਕੇ ਸਮੇਂ ਵਿੱਚ ਪੌਦਿਆਂ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੁੱਖ ਮਨੁੱਖ ਦੀ ਹਰ ਜਰੂਰਤ ਨੂੰ ਪੂਰਾ ਕਰਦੇ ਹਨ। ਇੱਕ ਰੁੱਖ 40-50 ਸਾਲ ਤੱਕ ਛਾਂ, ਆਕਸੀਜਨ, ਫ਼ਲ ਅਤੇ ਲਕੜ ਦਿੰਦਾ ਹੈ। ਕਰੋਨਾ ਸਮੇਂ ਦੌਰਾਨ ਜਿਵੇਂ ਲੋਕਾਂ ਨੂੰ ਆਰਟੀਫਿਸ਼ਲ ਸਿਲੈਂਡਰ ਲੈ ਕੇ ਆਕਸੀਜਨ ਦਾ ਪ੍ਰਬੰਧ ਕਰਨਾ ਪਿਆ ਸੀ, ਇਸ ਨੂੰ ਦੇਖਦੇ ਹੋਏ ਸਾਨੂੰ ਕੁਦਰਤੀ ਆਕਸੀਜਨ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
ਚੇਅਰਮੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਰੇ ਪੰਜਾਬ ਵਿੱਚ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਵੱਲੋਂ ਸਾਰੇ ਉੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਆੜ੍ਹਤੀਆਂ ਨੂੰ ਆਪਣੇ ਆਲੇ-ਦੁਆਲੇ ਪੰਜ-ਪੰਜ ਬੂਟੇ ਲਾਜ਼ਮੀ ਲਗਾਉਣ ਅਤੇ ਆਪਣੇ ਜਨਮ ਦਿਨ ਮੌਕੇ ਵੀ ਦੋ-ਦੋ ਬੂਟੇ ਹੋਰ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਉਤਸਾਹਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਪਿਛਲੇ ਚਾਰ ਸੀਜਨ ਦੌਰਾਨ 1,21,000 ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਇਸ ਸੀਜਨ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ 55 ਹਜਾਰ ਬੂਟੇ ਲਗਾਉਣ ਦਾ ਟੀਚਾ ਹੈ।
ਇਸ ਮੌਕੇ ਸ. ਜਤਿੰਦਰ ਸਿੰਘ ਭੰਗੂ ਇੰਜੀਨੀਅਰ-ਇਨ-ਚੀਫ਼, ਸ. ਹਰਜੀਤ ਸਿੰਘ ਸੰਧੂ ਸੰਯੁਕਤ ਸਕੱਤਰ, ਸ. ਗੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ, ਸ. ਅਮਨਦੀਪ ਸਿੰਘ ਮੁੱਖ ਇੰਜੀਨੀਅਰ, ਸ. ਮਨਿੰਦਰਜੀਤ ਸਿੰਘ ਬੇਦੀ ਜੀ.ਐਮ., ਸ. ਸੁਰਮੁੱਖ ਸਿੰਘ ਅਮਲਾ ਅਫ਼ਸਰ ਸਮੇਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਮੌਜੂਦ ਰਹੇ।












