ਨਵੀਂ ਦਿੱਲੀ 27 ਜੁਲਾਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਆਸਟ੍ਰੇਲੀਆ ਦੇ ਦੱਖਣੀ ਸੂਬੇ ਸਾਊਥ ਆਸਟ੍ਰੇਲੀਆ ਦੇ ਐਡਿਲੇਡ ਸ਼ਹਿਰ ਨੇੜਲੇ ਵਰਜੀਨੀਆ ਇਲਾਕੇ ਵਿੱਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਐਤਵਾਰ ਰਾਤ ਭਿਆਨਕ ਅੱਗ ਲੱਗਣ ਕਾਰਨ ਗੁਰਦੁਆਰੇ ਦੀ ਇਮਾਰਤ ਬੁਰੀ ਤਰ੍ਹਾਂ ਸੜ ਗਈ ਅਤੇ ਅੰਦਰ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਸਰੂਪਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਦੁਖਦਾਈ ਘਟਨਾ ਨਾਲ ਸਮੂਹ ਸਿੱਖ ਭਾਈਚਾਰੇ ਵਿੱਚ ਡੂੰਘਾ ਦੁੱਖ ਅਤੇ ਸੋਗ ਦੀ ਲਹਿਰ ਹੈ।
ਰਾਤ ਕਰੀਬ 9:40 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਕੰਟਰੀ ਫਾਇਰ ਸਰਵਿਸ, ਮੈਟਰੋਪੋਲਿਟਨ ਫਾਇਰ ਸਰਵਿਸ, ਐਂਬੂਲੈਂਸ, ਪੁਲਿਸ ਅਤੇ ਹੋਰ ਐਮਰਜੈਂਸੀ ਏਜੰਸੀਆਂ ਦੇ ਕਰੀਬ 60 ਅੱਗ ਬੁਝਾਊ ਕਰਮਚਾਰੀ ਅਤੇ 20 ਫਾਇਰ ਟਰੱਕ ਮੌਕੇ ‘ਤੇ ਪਹੁੰਚੇ। ਪਾਣੀ ਦੀ ਘਾਟ ਅਤੇ ਇਮਾਰਤ ਦੀ ਬਣਤਰ ਕਾਰਨ ਅੱਗ ‘ਤੇ ਕਾਬੂ ਪਾਉਣ ਲਈ ਤਿੰਨ ਤੋਂ ਚਾਰ ਘੰਟੇ ਲੱਗੇ। ਫਾਇਰ ਅਧਿਕਾਰੀਆਂ ਮੁਤਾਬਕ ਅੱਗ ਸੰਭਵ ਤੌਰ ‘ਤੇ ਲੰਗਰ ਵਾਲੇ ਹਿੱਸੇ ਨੇੜੇ ਲੱਗੀ ਅਤੇ ਬਾਅਦ ਵਿੱਚ ਪੂਰੀ ਇਮਾਰਤ ਵਿੱਚ ਫੈਲ ਗਈ। ਛੱਤ ਡਿੱਗਣ ਕਾਰਨ ਅੰਦਰ ਪਈਆਂ ਧਾਰਮਿਕ ਬੀੜਾਂ ਅਤੇ ਹੋਰ ਸਮਾਨ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਗਿਆ। ਇੱਕ ਵਿਅਕਤੀ ਜੋ ਉਸ ਸਮੇਂ ਗੁਰਦੁਆਰੇ ਵਿੱਚ ਮੌਜੂਦ ਸੀ, ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਉਹ ਬਿਨਾਂ ਕਿਸੇ ਸੱਟ ਦੇ ਬਚ ਗਿਆ। ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਇਹ ਗੁਰਦੁਆਰਾ ਕੇਵਲ ਇਬਾਦਤ ਦਾ ਸਥਾਨ ਨਹੀਂ ਸੀ, ਸਗੋਂ ਸਥਾਨਕ ਸਿੱਖ ਭਾਈਚਾਰੇ ਲਈ ਸੇਵਾ, ਸਿਮਰਨ, ਲੰਗਰ ਅਤੇ ਸਮਾਜਿਕ ਸਹਾਇਤਾ ਦਾ ਮਹੱਤਵਪੂਰਨ ਕੇਂਦਰ ਸੀ। ਉਨ੍ਹਾਂ ਕਿਹਾ ਕਿ ਇੱਥੇ ਨਵੇਂ ਆਏ ਪ੍ਰਵਾਸੀਆਂ ਨੂੰ ਭੋਜਨ, ਰਾਸ਼ਨ ਅਤੇ ਰਹਿਣ-ਸਹਿਣ ਲਈ ਵੀ ਸਹਾਇਤਾ ਦਿੱਤੀ ਜਾਂਦੀ ਸੀ। ਅੱਗ ਕਾਰਨ ਇਮਾਰਤ ਦੇ ਨਾਲ-ਨਾਲ ਸਾਰਾ ਰਾਸ਼ਨ, ਸਾਜ਼ੋ-ਸਾਮਾਨ ਅਤੇ ਹੋਰ ਸਮੱਗਰੀ ਵੀ ਸੜ ਕੇ ਸੁਆਹ ਹੋ ਗਈ। ਸੋਮਵਾਰ ਸਵੇਰੇ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰੇ ਦੇ ਬਾਹਰ ਇਕੱਠੀ ਹੋਈ। ਜਦੋਂ ਅੱਗ ਨਾਲ ਨੁਕਸਾਨੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਸਰੂਪ ਨੂੰ ਬਾਹਰ ਲਿਆਂਦਾ ਗਿਆ ਤਾਂ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ। ਸੰਗਤ ਨੇ ਸਤਿਕਾਰ ਨਾਲ ਮੱਥਾ ਟੇਕਿਆ ਅਤੇ ਭਾਵੁਕ ਮਾਹੌਲ ਵਿੱਚ ਅਰਦਾਸ ਕੀਤੀ। ਸਿੱਖ ਆਗੂਆਂ ਨੇ ਦੱਸਿਆ ਕਿ ਜਿਨ੍ਹਾਂ ਸਰੂਪਾਂ ਨੂੰ ਬਚਾਇਆ ਨਹੀਂ ਜਾ ਸਕਿਆ, ਉਨ੍ਹਾਂ ਦੇ ਅਵਸ਼ੇਸ਼ਾਂ ਦਾ ਪੂਰੇ ਸਤਿਕਾਰ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਉਹ ਮਲਬੇ ਹੇਠਾਂ ਰਹਿ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਜਾਂ ਉਨ੍ਹਾਂ ਦੀ ਰਾਖ ਨੂੰ ਵੀ ਪੂਰੇ ਸਤਿਕਾਰ ਨਾਲ ਬਾਹਰ ਕੱਢਣ ਲਈ ਯਤਨ ਕਰ ਰਹੇ ਹਨ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੇ ਅੰਦਾਜ਼ੇ ਅਨੁਸਾਰ ਇਸ ਹਾਦਸੇ ਵਿੱਚ ਇੱਕ ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ।












