ਰੋਪੜ,22, ਅਗਸਤ (ਮਲਾਗਰ ਖਮਾਣੋ);
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ੍ਹ ਜੋਨ ਮੁਖੀ ਅਜੀਤ ਪ੍ਰਦੇਸੀ ਤੇ ਰੋਪੜ ਇਕਾਈ ਮੁਖੀ ਅਸ਼ੋਕ ਕੁਮਾਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੁਸਾਇਟੀ ਦੇ ਵਿਗਿਆਨਿਕ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ, ਅਤੇ ਸੋਸਾਇਟੀ ਦੇ ਆਗੂਆਂ ਦੀ ਪ੍ਰੇਰਨਾ ਸਦਕਾ ਪ੍ਰੇਰਨਾ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਦੇ ਦਫ਼ਤਰ ਤੋਂ ਸੇਵਾਮੁਕਤ ਹੋਏ ਸੁਪਰਡੈਂਟ ਸ਼੍ਰੀ ਸਰਵਣ ਕੁਮਾਰ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਕ੍ਰਿਸ਼ਨਾ ਦੇਵੀ ਨੇ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਮੌਤ ਤੋਂ ਬਾਅਦ ਆਪਣੀਆਂ ਮ੍ਰਿਤਕ ਦੇਹਾਂ ਪੀ.ਜੀ.ਆਈ.ਚੰਡੀਗੜ੍ਹ ਨੂੰ ਮੈਡੀਕਲ ਖ਼ੋਜ ਕਾਰਜਾਂ ਲਈ ਦਾਨ ਕਰਨ ਦਾ ਫ਼ੈਸਲਾ ਕਰਦਿਆਂ ਪੀ.ਜੀ.ਆਈ.ਚੰਡੀਗੜ੍ਹ ਦੇ ਨਾਂਅ ਤੇ ਵਸੀਅਤਾਂ ਕਰਵਾ ਦਿੱਤੀਆਂ ਹਨ। ਇਸ ਮੌਕੇ ਸ਼੍ਰੀ ਸਰਵਣ ਕੁਮਾਰ ਤੇ ਉਹਨਾਂ ਦੀ ਜੀਵਨ ਸਾਥਣ ਨੇ ਕਿਹਾ ਕਿ ਮ੍ਰਿਤਕ ਸਰੀਰ ਨੂੰ ਸਾੜਨ ਨਾਲੋਂ ਚੰਗਾ ਹੈ ਕਿ ਖ਼ੋਜ ਕਾਰਜਾਂ ਲਈ ਸਰੀਰ ਦਾਨ ਕਰਕੇ ਮਰਨ ਤੋਂ ਬਾਅਦ ਵੀ ਲੋਕਾਂ ਦੇ ਕੰਮ ਆਇਆ ਜਾਵੇ।
ਜ਼ੋਨ ਦੇ ਮੀਡੀਆ ਮੁਖੀ ਸੇਵਾ ਮੁਕਤ ਪ੍ਰਿੰਸੀਪਲ ਗੁਰਮੀਤ ਖਰੜ ਨੇ ਬੋਲਦਿਆਂ ਕਿਹਾ ਕਿ ਅੱਜ ਕੱਲ੍ਹ ਮਨੁੱਖ ਦੇ ਬਹੁਤ ਸਾਰੇ ਅੰਗ ਕਿਸੇ ਦੂਜੇ ਲੋੜਵੰਦ ਮਰੀਜ਼ਾਂ ਦੇ ਕੰਮ ਆ ਰਹੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਨਵਾਂ ਜੀਵਨ ਮਿਲਦਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰੀਰ ਦਾਨ ਜਾਂ ਅੰਗ ਦਾਨ ਕਰਨਾ ਮਨੁੱਖਤਾ ਲਈ ਇੱਕ ਮਹਾਨ ਕਾਰਜ ਹੈ। ਸੁਸਾਇਟੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਧ ਵਿਸ਼ਵਾਸਾ ਤੋਂ ਮੁਕਤੀ ਲਈ ਵਿਗਿਆਨਕ ਵਿਚਾਰਾਂ ਨੂੰ ਅਪਣਾਇਆ ਜਾਵੇ। ਤਾਂ ਜੋ ਇਸ ਸਮਾਜ ਨੂੰ ਚੰਗਾ ਤੇ ਨਰੋਇਆ ਬਣਾ ਜਾਣ ਜਾ ਸਕੇ।ਸਰੀਰ ਦਾਨ ਜਾਂ ਅੰਗ ਦਾਨ ਕਰਨਾ ਇੱਕ ਨਰੋਏ ਸਮਾਜ ਦੇ ਸਿਰਜਣਾ ਲਈ ਚੰਗੇ ਵਿਚਾਰਾਂ ਦੇ ਧਾਰਨੀ ਹੁੰਦਿਆਂ ਅਸਲ ਸਮਾਜ ਸੇਵਾ ਹੈ।












