ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਦਿੱਤੀਆਂ ਸ਼ਾਨਦਾਰ ਪੇਸ਼ਕਾਰੀਆਂ
ਐਸ. ਏ.ਐਸ. ਨਗਰ ( ਮੋਹਾਲੀ) 26 ਅਗਸਤ,ਬੋਲੇ ਪੰਜਾਬ ਬਿਊਰੋ;
ਪੰਜਾਬ ਮੰਡੀ ਬੋਰਡ ਦੇ ਮਹਿਲਾ ਸਟਾਫ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਧੁਨਿਕ ਫ਼ਲ ਅਤੇ ਸਬਜੀ ਮੰਡੀ, ਮੋਹਾਲੀ ਵਿਖੇ ਤੀਆਂ ਦਾ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਧਰਮ ਪਤਨੀ ਸ੍ਰੀਮਤੀ ਹਰਿੰਦਰ ਕੌਰ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਮੰਡੀ ਬੋਰਡ ਦੇ ਸੰਯੁਕਤ ਸਕੱਤਰ ਸ. ਹਰਜੀਤ ਸਿੰਘ ਸੰਧੂ ਦੀ ਧਰਮਪਤਨੀ ਸ੍ਰੀਮਤੀ ਗਗਨਦੀਪ ਕੌਰ ਸੰਧੂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।

ਇਸ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵੱਖ-ਵੱਖ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਤੇ ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਪੰਜਾਬੀ ਅਤੇ ਹਿੰਦੀ ਗੀਤਾਂ ਤੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਨੇ ਜਿੱਥੇ ਵੇਖਣ ਵਾਲਿਆਂ ਦਾ ਮਨ ਮੋਹਿਆ, ਉੱਥੇ ਹੀ ਲੋਕ ਗੀਤਾਂ ਨੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕੀਤਾ।
ਮੁੱਖ ਮਹਿਮਾਨ ਸ੍ਰੀਮਤੀ ਹਰਿੰਦਰ ਕੌਰ ਬਰਸਟ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਸੱਭਿਆਚਾਰ ਨਾਲ ਜੋੜ ਕੇ ਰੱਖਦਾ ਹੈ। ਅਜਿਹੇ ਤਿਉਹਾਰ ਹੀ ਪੰਜਾਬੀ ਵਿਰਸੇ ਦੀ ਚੜਦੀਕਲਾ ਦਾ ਪ੍ਰਤੀਕ ਹਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਸ੍ਰੀਮਤੀ ਗਗਨਦੀਪ ਕੌਰ ਸੰਧੂ ਨੇ ਕਿਹਾ ਕਿ ਅੱਜ ਜਿੱਥੇ ਲੋਕ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ, ਉੱਥੇ ਹੀ ਤੀਆਂ ਦਾ ਤਿਉਹਾਰ ਸਾਨੂੰ ਸਾਡੇ ਸੱਭਿਆਚਾਰ ਦੀ ਪਹਿਚਾਣ ਕਰਵਾਉਂਦਾ ਹੈ। ਇਸ ਮੌਕੇ ਸਾਰਿਆਂ ਨੇ ਬੋਲੀਆਂ, ਗਿੱਧਾ, ਭੰਗੜਾ ਪਾਇਆ ਅਤੇ ਪੀਂਘਾਂ ਝੂਟੀਆਂ। ਪੰਜਾਬ ਮੰਡੀ ਬੋਰਡ ਦੀਆਂ ਸਮੂਹ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਮੌਜੂਦ ਰਹੀਆਂ।












