ਬਰਨਾਲਾ 30 ਅਗਸਤ ,ਬੋਲੇ ਪੰਜਾਬ ਬਿਊਰੋ;
ਕਿਸਾਨ-ਮਜ਼ਦੂਰ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸੂਬਾਈ ਸੱਦੇ ’ਤੇ ਅੱਜ ਡੀਸੀ ਬਰਨਾਲਾ ਦਫ਼ਤਰ ਅੱਗੇ ਮੋਰਚਾ ਆਰੰਭ ਕਰ ਦਿੱਤਾ ਗਿਆ ਹੈ। ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਦਰਸ਼ਨ ਸਿੰਘ ਭੈਣੀ, ਬੁੱਕਣ ਸਿੰਘ ਸੱਦੋਵਾਲ, ਮਹਿਲਾ ਵਿੰਗ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਕ੍ਰਿਸ਼ਨ ਸਿੰਘ ਛੰਨਾ, ਮਹਿਲ ਕਲਾਂ ਬਲਾਕ ਪ੍ਰਧਾਨ ਰਾਮ ਸਿੰਘ ਸੰਘੇੜਾ ਨੇ ਕਿਹਾ ਕਿ ਕਿਸਾਨ-ਮਜ਼ਦੂਰਾਂ ਦੀਆਂ ਬੁਨਿਆਦੀ ਤੇ ਭਖਵੀਆਂ ਮੰਗਾਂ ਦੀ ਪੂਰਤੀ ਅਤੇ ਖੇਤੀ ਸੰਕਟ ਤੋਂ ਛੁਟਕਾਰੇ ਲਈ ਪਿਛਲੇ ਲੰਮੇ ਸਮੇਂ ਤੋਂ ਧਰਨਿਆਂ, ਰੈਲੀਆਂ ਰਾਹੀਂ ਅਤੇ ਦਰਜਨਾਂ ਵਾਰ ਮੰਗ ਪੱਤਰ ਭੇਜ ਕੇ ਸਰਕਾਰਾਂ ਨੂੰ ਅਪੀਲਾਂ-ਬੇਨਤੀਆਂ ਕਰ ਚੁੱਕੇ ਹਾਂ। ਪਰ ਸਰਕਾਰਾਂ ਅੰਨਦਾਤੇ ਵੱਲੋਂ ਮੂੰਹ ਮੋੜ ਕੇ ਬਹੁਕੌਮੀ ਕੰਪਨੀਆਂ/ਕਾਰਪੋਰੇਟ ਘਰਾਣਿਆਂ ਦੇ ਹਿਤਾਂ ਦੀ ਰੱਖਿਆ ਨੂੰ ਤਰਜੀਹ ਦੇ ਰਹੀਆਂ ਹਨ ਅਤੇ ਪੈਦਾਵਾਰੀ ਸਰੋਤ ਲੁਟਾਉਣ ਲਈ ਕਾਹਲੀਆਂ ਪਈਆਂ ਹੋਈਆਂ ਹਨ।ਆਗੂਆਂ ਨੇ ਕਿਹਾ ਕਿ ਸੰਘਰਸ਼ ਤੇ ਸ਼ਹਾਦਤਾਂ ਨਾਲ ਵਰੋਸਾਈ ਵਿਰਾਸਤ ਨੂੰ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਦਾਚਿੱਤ ਨਹੀਂ ਕਰਨ ਦਿੱਤਾ ਜਾਵੇਗਾ। ਬੁਲਾਰਿਆਂ ਨੇ ਸਮੁੱਚੀਆਂ ਕਿਸਾਨ-ਮਜ਼ਦੂਰ ਮੰਗਾਂ ਦੀ ਫ਼ੌਰੀ ਪੂਰਤੀ ਮੰਗੀ ਅਤੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ।ਇਸ ਮੌਕੇ ਬਿੰਦਰਪਾਲ ਕੌਰ ਭਦੌੜ, ਅਮਰਜੀਤ ਕੌਰ ਬਡਬਰ, ਰਾਜਵਿੰਦਰ ਕੌਰ ਕਾਲੇਕੇ, ਕੁਲਜੀਤ ਸਿੰਘ ਵਜੀਦਕੇ, ਨਾਜ਼ਰ ਸਿੰਘ ਠੁੱਲੀਵਾਲ, ਮਲਕੀਤ ਸਿੰਘ ਹੇੜੀਕੇ, ਦਰਸ਼ਨ ਸਿੰਘ ਚੀਮਾ, ਨਰਿੱਪਜੀਤ ਸਿੰਘ ਬਡਬਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।












