ਅਮਰੀਕਾ, 30 ਅਗਸਤ ,ਬੋਲੇ ਪੰਜਾਬ ਬਿਊਰੋ;
ਸਾਊਥ ਕੈਰੋਲੀਨਾ ਰਾਜ ਦੇ ਕੋਲੰਬੀਆ ਸ਼ਹਿਰ ਦੇ ਇੱਕ ਪਾਰਕ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਅਧਿਕਾਰੀ ਜ਼ਖਮੀ ਹੋ ਗਿਆ। ਕੋਲੰਬੀਆ ਪੁਲਿਸ ਵਿਭਾਗ ਦੇ ਮੁਖੀ ਡਬਲਿਊ. ਐੱਚ. ਸਕਿਪ ਹੋਲਬਰੁਕ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਚ ਸ਼ੱਕੀ ਹਮਲਾਵਰ ਦੀ ਵੀ ਮੌਤ ਹੋ ਗਈ ਹੈ। ਹੋਲਬਰੁਕ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਇਹ ਘਟਨਾ ਸ਼ਹਿਰ ਦੀ ਹੈਜ਼ਲਵੁੱਡ ਰੋਡ ਸਥਿਤ ਸਾਊਥਈਸਟ ਪਾਰਕ ਵਿੱਚ ਵਾਪਰੀ। ਦੋ ਪੁਲਿਸ ਅਧਿਕਾਰੀ ਘਰੇਲੂ ਵਿਵਾਦ ਦੀ ਸੂਚਨਾ ਮਿਲਣ ਤੋਂ ਬਾਅਦ ਉੱਥੇ ਪਹੁੰਚੇ ਸਨ, ਉਦੋਂ ਹੀ ਗੋਲੀਬਾਰੀ ਹੋ ਗਈ।
ਕੋਲੰਬੀਆ ਪੁਲਿਸ ਵਿਭਾਗ ਦੇ ਅਨੁਸਾਰ, 29 ਸਾਲਾ ਕ੍ਰਿਸ ਡੀਲੋਂਗ ਡਿਊਟੀ ਦੌਰਾਨ ਗੋਲੀ ਲੱਗਣ ਨਾਲ ਮਾਰੇ ਗਏ। ਇਸ ਤੋਂ ਇਲਾਵਾ ਦੂਜੇ ਅਧਿਕਾਰੀ ਡੇਵਿਡ ਡਾਇਮੌਕ ਵੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਹਾਲਾਂਕਿ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਸ਼ਨੀਵਾਰ ਸ਼ਾਮ ਨੂੰ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਹੋਲਬਰੁਕ ਨੇ ਕਿਹਾ, ‘ਅਸੀਂ ਅਜਿਹੀਆਂ ਦੁਖਦ ਪਰਿਸਥਿਤੀਆਂ ਦਾ ਸਾਹਮਣਾ ਕਰ ਰਹੇ ਹਾਂ ਜਿਸ ਦੀ ਸ਼ਾਇਦ ਕੋਈ ਕਲਪਨਾ ਵੀ ਨਹੀਂ ਕਰ ਸਕਦਾ।’
ਪੁਲਿਸ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਦੁਪਹਿਰ ਲਗਭਗ 12 ਵਜੇ ਤੱਕ ਘਟਨਾ ਸਥਾਨ ਨੂੰ ਘੇਰ ਲਿਆ ਗਿਆ ਸੀ। ਜਾਂਚ ਜਾਰੀ ਰਹਿਣ ਕਰਕੇ ਕਾਨੂੰਨ-ਵਿਵਸਥਾ ਏਜੰਸੀਆਂ ਨੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਹੋਲਬਰੁਕ ਨੇ ਦੱਸਿਆ ਕਿ ਮ੍ਰਿਤਕ ਅਧਿਕਾਰੀ 29 ਸਾਲਾਂ ਦਾ ਸੀ ਅਤੇ ਪੁਲਿਸ ਵਿਭਾਗ ਵਿੱਚ ਦੋ ਸਾਲਾਂ ਤੋਂ ਸੇਵਾ ਨਿਭਾ ਰਿਹਾ ਸੀ। ਅਤੇ ਸ਼ੱਕੀ ਵਿਅਕਤੀ 33 ਸਾਲਾ ਵਿਅਕਤੀ ਸੀ ਜਿਸਦਾ ਲੰਬਾ ਅਪਰਾਧਿਕ ਰਿਕਾਰਡ ਸੀ।












