ਚੰਡੀਗੜ੍ਹ 1 ਸਤੰਬਰ ,ਬੋਲੇ ਪੰਜਾਬ ਬਿਊਰੋ;
ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ 7 ਸਤੰਬਰ ਲਈ ਨਵਾਂ ਸੰਮਨ ਜਾਰੀ ਕੀਤਾ ਹੈ। ਦਰਅਸਲ, ਉਨ੍ਹਾਂ ਨੂੰ ਜਾਂਚ ਏਜੰਸੀ ਦੇ ਜ਼ੋਨਲ ਦਫ਼ਤਰ ਵਿਚ 31 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋ ਸਕੇ ਸਨ। ਉਨ੍ਹਾਂ ਨੇ ਏਜੰਸੀ ਵੱਲੋਂ ਮੰਗੇ ਗਏ ਸਾਰੇ ਜ਼ਰੂਰੀ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਅਤੇ ਤਿਆਰ ਕਰਨ ਲਈ ਸਮਾਂ ਵਧਾਉਣ ਦੀ ਮੋਹਲਤ ਮੰਗੀ ਸੀ।
ਮੁਹਾਲੀ ਦੇ ਰੀਅਲ ਅਸਟੇਟ ਮਾਮਲੇ ਨਾਲ ਜੁੜੀ ਹੈ ਜਾਂਚ, ਜ਼ਮੀਨ ਦੀ ਵਰਤੋਂ ਬਦਲਣ ਵਿੱਚ ਹੋਏ ਘਪਲੇ ਦਾ ਹੈ ਹੁਣ ਅਨੁਰਾਗ ਵਰਮਾ ਨੂੰ ਆਉਣ ਵਾਲੇ ਸੋਮਵਾਰ ਨੂੰ ਈ.ਡੀ. ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਤਲਬ ਕੀਤਾ ਗਿਆ ਹੈ। ਇਹ ਜਾਂਚ ਮੁਹਾਲੀ ਸਥਿਤ ‘ਸਨਟੈਕ ਸਿਟੀ’ (Suntec City) ਅਤੇ ‘ਐਲਟਸ ਸਪੇਸ ਬਿਲਡਰਜ਼ ਪ੍ਰਾਈਵੇਟ ਲਿਮਟਿਡ’ ਕੇਸ ਵਿੱਚ ਕਥਿਤ ਉਲੰਘਣਾਵਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ।ਅਨੁਰਾਗ ਵਰਮਾ ਇਸ ਸਮੇਂ ਵਧੀਕ ਮੁੱਖ ਸਕੱਤਰ (ਮਾਲ ਵਿਭਾਗ) ਵਜੋਂ ਸੇਵਾਵਾਂ ਨਿਭਾ ਰਹੇ ਹਨ ਪਰ ਜਿਸ ਸਮੇਂ ਇਹ ਘਪਲਾ ਹੋਇਆ ਸੀ, ਉਹ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੀ ਅਗਵਾਈ ਕਰ ਰਹੇ ਸਨ। ਜਾਂਚ ਏਜੰਸੀ ਵੱਲੋਂ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਨਿੱਜੀ ਬਿਲਡਰਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਜ਼ਮੀਨ ਦੀ ਵਰਤੋਂ ਵਿੱਚ ਤਬਦੀਲੀ (CLU) ਅਤੇ ਗ਼ੈਰ-ਕਾਨੂੰਨੀ ਲੇਅਆਊਟ ਸੋਧਾਂ ਕਰਨ ਵੇਲੇ ਨਿਯਮਾਂ ਦੀ ਉਲੰਘਣਾ ਕਿਵੇਂ ਹੋਣ ਦਿੱਤੀ ਗਈ।












