ਮੋਹਣਜੀਤ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਕਥਿਤ ਤਸ਼ੱਦਦ ’ਤੇ ਬੀਬੀ ਰਣਜੀਤ ਕੌਰ ਦਾ ਤਿੱਖਾ ਹਮਲਾ—ਪੰਜਾਬ ਸਰਕਾਰ ਕਾਲੇ ਝੰਡਿਆਂ ਤੋਂ ਨਹੀਂ, ਲੋਕਾਂ ਦੇ ਸਵਾਲਾਂ ਤੋਂ ਰਹੀ ਹੈ ਡਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ 5 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):-

ਦਿੱਲੀ ਗੁਰਦੁਆਰਾ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਪੁੱਛਣ ਅਤੇ ਕਾਲਾ ਝੰਡਾ ਲਹਿਰਾ ਕੇ ਆਪਣਾ ਲੋਕਤੰਤਰਕ ਵਿਰੋਧ ਦਰਜ ਕਰਵਾਉਣ ਵਾਲੇ ਮੋਹਣਜੀਤ ਸਿੰਘ ਨਾਲ ਪੁਲਿਸ ਵੱਲੋਂ ਕੀਤੇ ਗਏ ਕਥਿਤ ਤਸ਼ੱਦਦ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੋਲੋਂ ਨਸ਼ਿਆਂ ਬਾਰੇ ਸਵਾਲ ਪੁੱਛਣਾ ਹੀ ਕਿਸੇ ਨਾਗਰਿਕ ਦਾ ਕਸੂਰ ਬਣ ਗਿਆ ਹੈ ਤਾਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਸੂਬੇ ਵਿੱਚ ਲੋਕਤੰਤਰ ਦੀ ਪਰਿਭਾਸ਼ਾ ਕੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਦੇ ਦਾਅਵੇ ਕਰਨ ਵਾਲੀ ਸਰਕਾਰ ਜੇਕਰ ਸਵਾਲ ਦਾ ਜਵਾਬ ਦੇਣ ਦੀ ਥਾਂ ਕਥਿਤ ਪੁਲਿਸੀ ਜ਼ਬਰ ਵਰਤਦੀ ਹੈ ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਹੈ। ਕਾਲਾ ਝੰਡਾ ਕਿਸੇ ’ਤੇ ਹਮਲਾ ਨਹੀਂ, ਸਗੋਂ ਲੋਕਤੰਤਰਕ ਵਿਰੋਧ ਦਾ ਪ੍ਰਤੀਕ ਹੈ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਬਰਬਾਦ ਹੋ ਰਿਹਾ ਹੈ ਅਤੇ ਅਜਿਹੇ ਸਮੇਂ ਸਰਕਾਰ ਤੋਂ ਜਵਾਬ ਮੰਗਣ ਵਾਲੇ ਨਾਗਰਿਕ ਨੂੰ ਕਥਿਤ ਪੁਲਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਮੋਹਣਜੀਤ ਸਿੰਘ ਨਾਲ ਹੋਏ ਕਥਿਤ ਤਸ਼ੱਦਦ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜੇਕਰ ਜਾਂਚ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਕਾਨੂੰਨ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਵਾਲ ਪੁੱਛਣ ਵਾਲੇ ਦੇ ਸਰੀਰ ’ਤੇ ਨਿਸ਼ਾਨ ਬਣਾ ਕੇ ਸਰਕਾਰ ਆਪਣੇ ਖ਼ਿਲਾਫ਼ ਉੱਠ ਰਹੇ ਸਵਾਲਾਂ ਦੇ ਨਿਸ਼ਾਨ ਨਹੀਂ ਮਿਟਾ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਧਮਕੀਆਂ, ਡੰਡੇ ਅਤੇ ਤਸ਼ੱਦਦ ਨਹੀਂ, ਸਗੋਂ ਨਸ਼ਿਆਂ ਦੇ ਖ਼ਾਤਮੇ ਦੇ ਠੋਸ ਨਤੀਜੇ, ਪਾਰਦਰਸ਼ਤਾ ਅਤੇ ਸਰਕਾਰ ਤੋਂ ਜਵਾਬ ਚਾਹੀਦਾ ਹੈ। ਜੇ ਸਰਕਾਰ ਆਪਣੇ ਆਪ ਨੂੰ ਲੋਕਾਂ ਦੀ ਸਰਕਾਰ ਕਹਿੰਦੀ ਹੈ ਤਾਂ ਉਸਨੂੰ ਅਸਹਿਮਤੀ ਦੀ ਆਵਾਜ਼ ਕੁਚਲਣ ਦੀ ਬਜਾਏ ਸੁਣਨੀ ਪਵੇਗੀ ਕਿਉਕਿ ਲੋਕਤੰਤਰ ਵਿੱਚ ਸਵਾਲ ਪੁੱਛਣ ਵਾਲਾ ਦੁਸ਼ਮਣ ਨਹੀਂ, ਸਰਕਾਰ ਨੂੰ ਜਵਾਬਦੇਹ ਬਣਾਉਣ ਵਾਲਾ ਨਾਗਰਿਕ ਹੀ ਹੁੰਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।