ਚੰਡੀਗੜ੍ਹ, 6 ਸਤੰਬਰ ,ਬੋਲੇ ਪੰਜਾਬ ਬਿਊਰੋ;
ਦੇਸ਼ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਇੱਕੋ ਸਮੇਂ ਪੰਜ ਮੌਸਮੀ ਪ੍ਰਣਾਲੀਆਂ ਬਣਨ ਕਾਰਨ ਉੱਤਰੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦਾ ਦੌਰ ਜਾਰੀ ਹੈ। ਦਿੱਲੀ-NCR, ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਕਈ ਇਲਾਕਿਆਂ ਵਿੱਚ ਪਾਣੀ ਭਰਨ ਅਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।
ਮੌਸਮ ਵਿਭਾਗ ਮੁਤਾਬਕ ਪੂਰਬੀ ਉੱਤਰ ਪ੍ਰਦੇਸ਼ ਵਿੱਚ 6 ਤੋਂ 8 ਸਤੰਬਰ ਦੌਰਾਨ ਗਰਜ-ਚਮਕ ਅਤੇ ਬਿਜਲੀ ਡਿੱਗਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਵਿੱਚ 6 ਸਤੰਬਰ ਤੱਕ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ। ਪੂਰਬੀ ਰਾਜਸਥਾਨ ਵਿੱਚ 6 ਸਤੰਬਰ ਨੂੰ ਕੁਝ ਥਾਵਾਂ ’ਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਉੱਥੇ ਹੀ ਉਤਰਾਖੰਡ ਵਿੱਚ 6 ਅਤੇ 7 ਸਤੰਬਰ, ਅਤੇ ਫਿਰ 10 ਤੇ 11 ਸਤੰਬਰ ਨੂੰ ਮੀਂਹ ਦਾ ਨਵਾਂ ਦੌਰ ਆਉਣ ਦੀ ਸੰਭਾਵਨਾ ਹੈ।
ਦਿੱਲੀ-NCR ਵਿੱਚ 6 ਸਤੰਬਰ ਨੂੰ ਆਸਮਾਨ ਆਮ ਤੌਰ ’ਤੇ ਬੱਦਲਵਾਈ ਵਾਲਾ ਰਹੇਗਾ। ਦੁਪਹਿਰ ਜਾਂ ਸ਼ਾਮ ਸਮੇਂ ਹਲਕੀ ਤੋਂ ਬਹੁਤ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 7 ਅਤੇ 8 ਸਤੰਬਰ ਨੂੰ ਆਸਮਾਨ ਵਿੱਚ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਮੀਂਹ ਅਤੇ ਗਰਜ-ਚਮਕ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ, ਖਾਸ ਕਰਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਪਹਿਲਾਂ ਹੀ ਜਲਭਰਾਅ ਜਾਂ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ।












