ਨਵੀਂ ਦਿੱਲੀ 7 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਤਾਮਿਲਨਾਡੂ ਵਿੱਚ ਪਹਿਲੀ ਵਾਰ ਸਿੱਖ ਦਰਸ਼ਨ ਅਤੇ ਵਿਚਾਰਧਾਰਾ ਨੂੰ ਤਾਮਿਲ ਭਾਸ਼ਾ ਵਿੱਚ ਪੇਸ਼ ਕਰਨ ਵਾਲੀ ਕਿਤਾਬ ‘ਕੈਪਟਿਵੇਟਿੰਗ ਸਿੰਪਲ ਹਾਰਟਸ’ ਜਾਰੀ ਕੀਤੀ ਗਈ। ਅੰਗਰੇਜ਼ੀ ਵਿੱਚ ਭਜਨ ਸਿੰਘ ਵੱਲੋਂ ਲਿਖੀ ਇਸ ਕਿਤਾਬ ਦਾ ਤਾਮਿਲ ਅਨੁਵਾਦ ਐਡਵੋਕੇਟ ਸਰਦਾਰ ਜੀਵਨ ਸਿੰਘ ਨੇ ਕੀਤਾ ਹੈ। ਸਾਬਕਾ ਯੂਨੀਵਰਸਿਟੀ ਵਾਈਸ- ਚਾਂਸਲਰ ਜਵਾਹਰ ਨੇਸਨ ਨੇ ਸੀਨੀਅਰ ਸਿੱਖਿਆ ਸ਼ਾਸਤਰੀਆਂ, ਸਮਾਜ ਸੁਧਾਰਕਾਂ ਅਤੇ ਨਾਰੀਵਾਦੀ ਕਾਰਕੁਨਾਂ ਦੀ ਮੌਜੂਦਗੀ ਵਿੱਚ ਕਿਤਾਬ ਰਿਲੀਜ਼ ਕੀਤੀ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਅਜਿਹੇ ਵਿਚਾਰਧਾਰਕ ਅਤੇ ਸੰਸਥਾਗਤ ਯਤਨਾਂ ਦੀ ਘਾਟ ਹੈ, ਜੋ ਮਜ਼ਬੂਤ ਰਾਜਨੀਤਿਕ ਤੇ ਸੱਭਿਆਚਾਰਕ ਮੁੱਲਾਂ ਨੂੰ ਉਤਸ਼ਾਹਿਤ ਕਰ ਸਕਣ। ਉਨ੍ਹਾਂ ਆਸ ਪ੍ਰਗਟਾਈ ਕਿ ਤਾਮਿਲ ਭਾਸ਼ਾ ਵਿੱਚ ਸਿੱਖ ਦਰਸ਼ਨ ਦੀ ਇਹ ਪੇਸ਼ਕਾਰੀ ਆਉਣ ਵਾਲੇ ਸਮੇਂ ਵਿੱਚ ਵੱਡੀ ਵਿਚਾਰਧਾਰਕ ਚਰਚਾ ਨੂੰ ਜਨਮ ਦੇਵੇਗੀ। ਸਮਾਗਮ ਵਿੱਚ ਸ਼ਾਮਲ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਸਿੱਖ ਪਛਾਣ ਨੂੰ ਹਿੰਦੂਤਵ ਅਤੇ ਬ੍ਰਾਹਮਣਵਾਦੀ ਵਿਚਾਰਧਾਰਾਵਾਂ ਤੋਂ ਵੱਖਰੇ ਵਿਚਾਰਧਾਰਕ ਸਰੂਪ ਵਜੋਂ ਪੇਸ਼ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਤਾਮਿਲਨਾਡੂ ਦੇ ਲੋਕਾਂ ਤੱਕ ਸਿੱਖ ਫਲਸਫੇ, ਮਨੁੱਖੀ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਸੱਭਿਆਚਾਰਕ ਅਤੇ ਰਾਜਨੀਤਿਕ ਪੱਧਰ ’ਤੇ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨ ਦਾ ਫੈਸਲਾ ਵੀ ਕੀਤਾ ਗਿਆ।











