ਰਾਜਪੁਰਾ, 8 ਸਤੰਬਰ ,ਬੋਲੇ ਪੰਜਾਬ ਬਿਊਰੋ;
ਰਾਜਪੁਰਾ ਦੇ ਸਮਾਜ ਸੇਵੀ ਅਧਿਆਪਕ ਮਾਸਟਰ ਰਜਿੰਦਰ ਸਿੰਘ ਚਾਨੀ ਨੂੰ ਰੋਟਰੀ ਕਲੱਬ ਨਾਭਾ ਗ੍ਰੇਟਰ ਵੱਲੋਂ ਅਧਿਆਪਕ ਦਿਵਸ ਦੇ ਮੌਕੇ ‘ਤੇ ਆਯੋਜਿਤ ਇੱਕ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਨੇਸ਼ਨ ਬਿਲਡਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਨਾਭਾ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਸੀ.ਏ. ਅਮਿਤ ਸਿੰਗਲਾ ਵਿਸ਼ੇਸ਼ ਤੌਰ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਮਾਸਟਰ ਰਜਿੰਦਰ ਸਿੰਘ ਚਾਨੀ ਨੂੰ ਨੇਸ਼ਨ ਬਿਲਡਰ ਅਵਾਰਡ ਭੇਟ ਕਰਦਿਆਂ ਕਿਹਾ ਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਰਜਿੰਦਰ ਸਿੰਘ ਚਾਨੀ ਨੂੰ ਨਿੱਜੀ ਤੌਰ ‘ਤੇ ਜਾਣਦੇ ਹਨ ਅਤੇ ਸਿੱਖਿਆ, ਸਮਾਜ ਸੇਵਾ ਅਤੇ ਰੋਟਰੀ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ।
ਉਨ੍ਹਾਂ ਕਿਹਾ ਕਿ ਅੱਜ ਰਜਿੰਦਰ ਸਿੰਘ ਚਾਨੀ ਨੂੰ ਨੇਸ਼ਨ ਬਿਲਡਰ ਅਵਾਰਡ ਨਾਲ ਸਨਮਾਨਿਤ ਕਰਕੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਮਾਸਟਰ ਰਜਿੰਦਰ ਸਿੰਘ ਚਾਨੀ ਇਸ ਸਮੇਂ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਸਹਾਇਕ ਗਵਰਨਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਇੱਕ ਸਮਰਪਿਤ ਅਧਿਆਪਕ ਵਜੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਨ।
ਉਨ੍ਹਾਂ ਨੇ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਹ ਸਕਾਊਟ ਮਾਸਟਰ ਅਤੇ ਸਕੂਲ ਗਾਈਡੈਂਸ ਕੌਂਸਲਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਜ਼ਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ।
ਮਾਸਟਰ ਰਜਿੰਦਰ ਸਿੰਘ ਚਾਨੀ ਵੱਲੋਂ ਸਕੂਲ ਦੇ ਵੱਖ-ਵੱਖ ਖੇਤਰਾਂ ਵਿੱਚ ਸੁਧਾਰ, ਵਿਦਿਆਰਥੀਆਂ ਦੇ ਮਾਰਗਦਰਸ਼ਨ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਦਿੱਤੇ ਜਾ ਰਹੇ ਯੋਗਦਾਨ ਨੂੰ ਸਮੇਂ-ਸਮੇਂ ‘ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।
ਇਸ ਮੌਕੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਸਕੱਤਰ ਰੋਟੇਰੀਅਨ ਸੁਮਿਤ ਗੋਇਲ, ਡਿਸਟ੍ਰਿਕਟ ਸਲਾਹਕਾਰ ਰੋਟੇਰੀਅਨ ਅਮਜ਼ਦ ਅਲੀ, ਰੋਟਰੀ ਕਲੱਬ ਨਾਭਾ ਗ੍ਰੇਟਰ ਦੇ ਪ੍ਰਧਾਨ ਭੁਪੇਸ਼ ਬਾਂਸਲ, ਸਕੱਤਰ ਮਨੋਜ ਸਿੰਗਲਾ, ਤੇਜ ਬਾਂਸਲ, ਵਿਵੇਕ ਖੰਨਾ, ਲਲਿਤ ਸ਼ਰਮਾ, ਜਸਵੀਰ ਕੌਰ ਚਾਨੀ, ਹਰਿੰਦਰ ਗਰੇਵਾਲ, ਮਨਜੀਤ ਪਨੇਸਰ ਅਤੇ ਅਹੁਦੇਦਾਰਾਂ ਤੋਂ ਇਲਾਵਾ ਡਾਇਟ ਨਾਭਾ ਦੇ ਪ੍ਰਿੰਸੀਪਲ ਸੰਦੀਪ ਨਾਗਰ, ਸਿੱਖਿਆ ਵਿਭਾਗ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
ਰੋਟਰੀ ਕਲੱਬ ਨਾਭਾ ਗ੍ਰੇਟਰ ਵੱਲੋਂ ਮਾਸਟਰ ਰਜਿੰਦਰ ਸਿੰਘ ਚਾਨੀ ਨੂੰ ਦਿੱਤਾ ਗਿਆ ਇਹ ਨੇਸ਼ਨ ਬਿਲਡਰ ਅਵਾਰਡ ਉਨ੍ਹਾਂ ਦੀ ਸਿੱਖਿਆ, ਸਮਾਜ ਸੇਵਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਿਤ ਸੋਚ ਅਤੇ ਨਿਰੰਤਰ ਸੇਵਾਵਾਂ ਦਾ ਸਨਮਾਨ ਹੈ।












