ਚੰਡੀਗੜ੍ਹ, 9 ਸਤੰਬਰ, ਬੋਲੇ ਪੰਜਾਬ ਬਿਊਰੋ :
ਕੈਨੇਡਾ ਵਿੱਚ ਇੱਕ ਸ਼ੋਅ ਤੋਂ ਬਾਅਦ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ‘ਤੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ਨੀਵਾਰ ਦੇਰ ਰਾਤ, ਜਦੋਂ ਐਮੀ ਵਿਰਕ ਆਪਣੇ ਪ੍ਰਦਰਸ਼ਨ ਤੋਂ ਬਾਅਦ ਵਾਪਸ ਆ ਰਿਹਾ ਸੀ, ਅਣਪਛਾਤੇ ਹਮਲਾਵਰਾਂ ਨੇ ਉਸਦੀ ਰੋਲਸ-ਰਾਇਸ ਕੁਲੀਨਨ ਗੱਡੀ ‘ਤੇ ਗੋਲੀਬਾਰੀ ਕੀਤੀ।
ਐਮੀ ਵਿਰਕ ਸਮੇਤ ਚਾਰ ਲੋਕ ਗੱਡੀ ਦੇ ਅੰਦਰ ਸਨ। 7 ਤੋਂ 10 ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ‘ਚੋਂ 7 ਗੋਲੀਆਂ ਦੇ ਨਿਸ਼ਾਨ ਮਿਲੇ। ਹਮਲੇ ਦੌਰਾਨ ਸਾਰੇ ਸੁਰੱਖਿਅਤ ਰਹੇ। ਸ਼ੁਰੂਆਤੀ ਰਿਪੋਰਟਾਂ ਵਿੱਚ ਸਿਰਫ਼ ਇੱਕ ਕਾਰ ‘ਤੇ ਗੋਲੀਬਾਰੀ ਦਾ ਜ਼ਿਕਰ ਕੀਤਾ ਗਿਆ ਸੀ, ਪਰ ਪ੍ਰਬੰਧਕਾਂ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਪੰਜਾਬੀ ਗਾਇਕ ਐਮੀ ਵਿਰਕ ਗੱਡੀ ਦੇ ਅੰਦਰ ਸੀ।
ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਵਿੱਚੋਂ ਇੱਕ ਗੱਡੀ ਰੋਲਸ-ਰਾਇਸ ਕੁਲੀਨਨ ਸੀ ਜਿਸ ਕਾਰਨ ਗੋਲੀਆਂ ਕੈਬਿਨ ਵਿੱਚ ਨਹੀਂ ਵੜੀਆਂ। ਕਾਰ ਨੂੰ 7 ਗੋਲੀਆਂ ਲੱਗੀਆਂ, ਜਿਸ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਪਿਛਲੀ ਵਿੰਡਸ਼ੀਲਡ ਨੂੰ ਹੋਇਆ।












