“ਗੁਲਜ਼ਾਰ ਦੀ ਮੌਤ ’ਤੇ ਸਰਕਾਰ ਜਵਾਬ ਦੇਵੇ: ਕੈਂਥ”

ਚੰਡੀਗੜ੍ਹ ਪੰਜਾਬ

“ਸਵਾਲ ਪੁੱਛਣ ਵਾਲੇ ਨਹੀਂ, ਨਸ਼ਾ ਵੇਚਣ ਵਾਲੇ ਫੜੋ: ਕੈਂਥ”

ਚੰਡੀਗੜ੍ਹ, 9 ਸਤੰਬਰ ,ਬੋਲੇ ਪੰਜਾਬ ਬਿਊਰੋ:

 ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਉਪ-ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪਿੰਡ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਮੌਤ ਨੂੰ ਬੇਹੱਦ ਗੰਭੀਰ ਅਤੇ ਚਿੰਤਾਜਨਕ ਘਟਨਾ ਕਰਾਰ ਦਿੰਦਿਆਂ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਉਠਾਏ ਹਨ।

ਕੈਂਥ ਨੇ ਕਿਹਾ ਕਿ ਗੁਲਜ਼ਾਰ ਸਿੰਘ ਕੋਈ ਸਿਆਸੀ ਲਾਭ ਲੈਣ ਲਈ ਸਵਾਲ ਨਹੀਂ ਕਰ ਰਿਹਾ ਸੀ। ਉਹ ਇੱਕ ਪਿਤਾ ਸੀ, ਜਿਸ ਦਾ ਪੁੱਤਰ ਨਸ਼ੇ ਦੀ ਲਤ ਵਿੱਚ ਫਸ ਚੁੱਕਾ ਸੀ ਅਤੇ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਸਰਕਾਰ ਦੇ ਨੁਮਾਇੰਦੇ ਕੋਲ ਫਰਿਆਦ ਲੈ ਕੇ ਗਿਆ ਸੀ। ਪਿੰਡ ਵਿੱਚ ‘ਚਿੱਟੇ’ ਦੀ ਕਥਿਤ ਵਿਕਰੀ ਸਬੰਧੀ ਉਸ ਦਾ ਸਵਾਲ ਸਰਕਾਰ ਲਈ ਕਾਰਵਾਈ ਕਰਨ ਦਾ ਮੌਕਾ ਹੋਣਾ ਚਾਹੀਦਾ ਸੀ, ਨਾ ਕਿ ਉਸ ਨੂੰ ਚੁੱਪ ਕਰਾਉਣ ਦਾ ਕਾਰਨ।

ਉਨ੍ਹਾਂ ਕਿਹਾ, “ਜੇ ਇੱਕ ਆਮ ਮਜ਼ਦੂਰ ਆਪਣੇ ਪਿੰਡ ਵਿੱਚ ਨਸ਼ੇ ਦੀ ਵਿਕਰੀ ਬਾਰੇ ਸਵਾਲ ਪੁੱਛਣ ਤੋਂ ਬਾਅਦ ਖੁਦ ਨੂੰ ਅਸੁਰੱਖਿਅਤ, ਅਪਮਾਨਿਤ ਜਾਂ ਦਬਾਅ ਹੇਠ ਮਹਿਸੂਸ ਕਰਦਾ ਹੈ, ਤਾਂ ਇਹ ਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਲੋਕਤੰਤਰ ਦੋਵਾਂ ਲਈ ਗੰਭੀਰ ਚੇਤਾਵਨੀ ਹੈ।”

ਕੈਂਥ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੇ ਉਸ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਦਬਾਅ ਪਾਇਆ ਗਿਆ ਸੀ, ਤਾਂ ਇਹ ਵੀ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਦਬਾਅ ਕਿਸ ਵੱਲੋਂ, ਕਿਉਂ ਅਤੇ ਕਿਹੜੇ ਹਾਲਾਤਾਂ ਵਿੱਚ ਪਾਇਆ ਗਿਆ ਅਤੇ ਉਸ ਦੀ ਮੌਤ ਤੋਂ ਪਹਿਲਾਂ ਅਸਲ ਵਿੱਚ ਕੀ ਕੁਝ ਵਾਪਰਿਆ।

ਉਨ੍ਹਾਂ ਕਿਹਾ, “ਭਗਵੰਤ ਮਾਨ ਸਰਕਾਰ ਨੂੰ ਸਪੱਸ਼ਟ ਜਵਾਬ ਦੇਣਾ ਪਵੇਗਾ—ਗੁਲਜ਼ਾਰ ਸਿੰਘ ਦੇ ਸਵਾਲ ਦਾ ਜਵਾਬ ਕੀ ਸੀ? ਕੀ ਉਸ ਦੇ ਪਿੰਡ ਵਿੱਚ ‘ਚਿੱਟਾ’ ਵਿਕਦਾ ਹੈ ਜਾਂ ਨਹੀਂ? ਜੇ ਨਹੀਂ ਵਿਕਦਾ ਤਾਂ ਸਰਕਾਰ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਵੇ। ਅਤੇ ਜੇ ਵਿਕਦਾ ਹੈ ਤਾਂ ਨਸ਼ਾ ਵੇਚਣ ਵਾਲਿਆਂ ਨੂੰ ਕੌਣ ਬਚਾ ਰਿਹਾ ਹੈ?”

ਭਗਵੰਤ ਮਾਨ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕੈਂਥ ਨੇ ਕਿਹਾ ਕਿ ਨਸ਼ਾ ਖ਼ਤਮ ਕਰਨ ਦੇ ਸਰਕਾਰੀ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਕਾਰ ਵੱਡਾ ਫ਼ਰਕ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ, “ਨਸ਼ੇ ਵਿਰੁੱਧ ਸਰਕਾਰ ਦੀ ਅਸਲ ਸਫਲਤਾ ਇਸ਼ਤਿਹਾਰਾਂ ਅਤੇ ਬਿਆਨਾਂ ਨਾਲ ਨਹੀਂ, ਸਗੋਂ ਨਸ਼ੇ ਦੀ ਸਪਲਾਈ ਲਾਈਨ ਤੋੜਨ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਨਾਲ ਮਾਪੀ ਜਾਵੇਗੀ।”

ਭਾਜਪਾ ਆਗੂ ਕੈਂਥ ਨੇ ਕਿਹਾ, “ਪੰਜਾਬ ਵਿੱਚ ਲੋਕਤੰਤਰ ਦਾ ਮਤਲਬ ਇਹ ਨਹੀਂ ਕਿ ਸਿਰਫ਼ ਸੱਤਾ ਵਿੱਚ ਬੈਠੇ ਲੋਕਾਂ ਨੂੰ ਬੋਲਣ ਦਾ ਹੱਕ ਹੋਵੇ ਅਤੇ ਗਰੀਬ ਮਜ਼ਦੂਰ ਸਿਰਫ਼ ਸੁਣਦੇ ਰਹਿਣ। ਲੋਕਾਂ ਨੂੰ ਸਵਾਲ ਪੁੱਛਣ ਦਾ ਪੂਰਾ ਹੱਕ ਹੈ। ਸਰਕਾਰ ਦੀ ਜ਼ਿੰਮੇਵਾਰੀ ਸਵਾਲ ਪੁੱਛਣ ਵਾਲੇ ਨੂੰ ਡਰਾਉਣਾ ਨਹੀਂ, ਸਗੋਂ ਉਸ ਦੇ ਸਵਾਲ ਦਾ ਜਵਾਬ ਦੇਣਾ ਹੈ।”

ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦੀ ਮੌਤ ਦਾ ਸੱਚ ਹਰ ਹਾਲਤ ਵਿੱਚ ਸਾਹਮਣੇ ਆਉਣਾ ਚਾਹੀਦਾ ਹੈ। “ਇਹ ਸਿਰਫ਼ ਗੁਲਜ਼ਾਰ ਸਿੰਘ ਦੇ ਪਰਿਵਾਰ ਦਾ ਮਾਮਲਾ ਨਹੀਂ। ਇਹ ਹਰ ਉਸ ਪੰਜਾਬੀ ਦਾ ਮਾਮਲਾ ਹੈ ਜੋ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦਾ ਹੈ ਅਤੇ ਸਰਕਾਰ ਤੋਂ ਜਵਾਬ ਮੰਗਦਾ ਹੈ।”

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।