ਕਿਹਾ: ਆਪ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ
‘ਆਪ’ ਨੂੰ ਦਰਦ ਹੋਇਆ ਹੈ, ਕਿਉਂਕਿ ਰਾਹੁਲ ਗਾਂਧੀ ਨੇ ਸੱਚ ਬੋਲਿਆ ਹੈ
ਚੰਡੀਗੜ੍ਹ, 9 ਸਤੰਬਰ ,ਬੋਲੇ ਪੰਜਾਬ ਬਿਉਰੋ;
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਆਪ’ ਆਗੂਆਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਕਾਂਗਰਸੀ ਆਗੂ ਰਾਹੁਲ ਗਾਂਧੀ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦਾ ਸਖਤ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਆਪ ਅਗਵਾਈ ਦੀ ਪ੍ਰਤਿਕਿਰਿਆ ਤੋਂ ਪਤਾ ਚੱਲਦਾ ਹੈ ਕਿ ਰਾਹੁਲ ਗਾਂਧੀ ਨੇ ਨਸ਼ਿਆਂ ਨੂੰ ਲੈ ਕੇ ਸਰਕਾਰ ਦੇ ਦਾਅਵਿਆਂ ਦਾ ਸੱਚ ਸਾਹਮਣੇ ਲਿਆ ਦਿੱਤਾ ਹੈ।
ਵੜਿੰਗ ਨੇ ਕਿਹਾ ਕਿ ਇਹ ਚੰਗਾ ਹੋਇਆ ਹੈ ਕਿ ‘ਆਪ’ ਨੇ ਦਰਦ ਮਹਿਸੂਸ ਕੀਤਾ ਹੈ। ਇਸ ਸਬੰਧ ਵਿੱਚ ਪਾਰਟੀ ਦੀ ਪ੍ਰਤਿਕਿਰਿਆ ਨੇ ਖੁਦ ਦਰਸ਼ਾ ਦਿੱਤਾ ਹੈ ਕਿ ਪੰਜਾਬ ਅੰਦਰ ਨਸ਼ਿਆਂ ਦੀ ਮੌਜੂਦਗੀ ਨੂੰ ਲੈ ਕੇ ਸਵਾਲਾ ਬਾਰੇ ਉਹ ਕਿੰਨੀ ਬੇਚੈਨ ਹੋ ਗਈ ਸੀ।
ਵੜਿੰਗ ਨੇ ਜ਼ੋਰ ਦਿੰਦਿਆਂ, ਕਿਹਾ ਕਿ “ਆਪ” ਨੇ ਖੁਦ ਦੀ ਪ੍ਰਸ਼ੰਸਾ ਕਰਨ ਸਬੰਧੀ ਕਲਾ ਵਿੱਚ ਮਹਾਰਤ ਹਾਸਿਲ ਕਰ ਲਈ ਹੈ। ਇਸ ਗੱਲ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਉਹ ਬੇਸ਼ਰਮੀ ਨਾਲ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦਾ ਦਾਅਵਾ ਕਰਦੀ ਹੈ। ਜਦ ਕਿ ਇਹ ਨਮਕ ਵਾਂਗ ਉਪਲਬਧ ਹਨ।
ਪੰਜਾਬ ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਵੱਲੋਂ ਵਾਰ-ਵਾਰ ਨਸ਼ਿਆਂ ਉੱਪਰ ਕਾਬੂ ਪਾਉਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ, ਸੂਬੇ ਦੀ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਬਿਆਨਾਂ ਜਾਂ ਪ੍ਰਚਾਰ ਮੁਹਿੰਮਾਂ ਰਾਹੀਂ ਹੱਲ ਨਹੀਂ ਕੀਤਾ ਜਾ ਸਕਦਾ ਅਤੇ ਦੋਸ਼ ਲਗਾਇਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਲਗਾਤਾਰ ਉਪਲਬਧਤਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਅਸਰ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਵੜਿੰਗ ਨੇ ਕੇਜਰੀਵਾਲ ਅਤੇ ਮਾਨ ਸਮੇਤ ‘ਆਪ’ ਆਗੂਆਂ ‘ਤੇ ਪੰਜਾਬ ਵਿੱਚ ਨਸ਼ਿਆਂ ਦੀ ਸਥਿਤੀ ਬਾਰੇ ਵੱਡਾ ਝੂਠ ਬੋਲਣ ਦਾ ਵੀ ਦੋਸ਼ ਲਗਾਇਆ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੇ ‘ਆਪ’ ਆਗੂਆਂ ਵਿੱਚ ਪੰਜਾਬ ਅੰਦਰ ਨਸ਼ਿਆਂ ਬਾਰੇ ਇੰਨਾ ਝੂਠ ਬੋਲਣ ਦੀ ਹਿੰਮਤ ਹੈ ਕਿ ਉਹ ਸੂਬੇ ਵਿੱਚ ਪ੍ਰਚਲਿਤ ਨਸ਼ੇ ਦੀ ਸਮੱਸਿਆ ਬਾਰੇ ਸਵਾਲ ਪੁੱਛਣ ‘ਤੇ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੰਦੇ ਹਨ ਅਤੇ ਖ਼ੁਦ ਦੀ ਜਾਨ ਲੈਣ ਲਈ ਵੀ ਮਜਬੂਰ ਕਰ ਦਿੰਦੇ ਹਨ।
ਇਸ ਦੌਰਾਨ ਗੁਲਜ਼ਾਰ ਸਿੰਘ ਦੀ ਮੌਤ ਦਾ ਹਵਾਲਾ ਦਿੰਦੇ ਹੋਏ, ਵੜਿੰਗ ਨੇ ਕਿਹਾ ਕਿ ਇਸ ਘਟਨਾ ਨੇ ਸੂਬਾ ਸਰਕਾਰ ਦੇ ਦਾਅਵਿਆਂ ਅਤੇ ਨੀਤੀਆਂ ‘ਤੇ ਸਵਾਲ ਉਠਾਉਣ ਵਾਲਿਆਂ ਨਾਲ ਕਿਵੇਂ ਪੇਸ਼ ਆਇਆ ਜਾ ਰਿਹਾ ਹੈ, ਇਸ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਸ਼ਿਆਂ ਦੇ ਖਤਰੇ ਬਾਰੇ ਜਾਇਜ਼ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ, ਸਰਕਾਰ ਆਪਣੇ ਆਲੋਚਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵੜਿੰਗ ਨੇ ਕਿਹਾ ਕਿ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਨਾ ਸਿਰਫ਼ ‘ਆਪ’ ਨੂੰ ਪਰੇਸ਼ਾਨ ਕਰੇਗੀ, ਸਗੋਂ ਇਸਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ।
ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਦੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵਿਆਂ ਨੂੰ ਸਿਆਸੀ ਦਾਅਵਿਆਂ ਦੀ ਬਜਾਏ ਜ਼ਮੀਨੀ ਸਥਿਤੀ ਦੇ ਅਸਲ ਮੁਕਾਬਲੇ ਵਿੱਚ ਪਰਖਣ ਦੀ ਲੋੜ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਦਾਅਵਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਨਿਰੰਤਰ ਉਪਲਬਧਤਾ ਦੀਆਂ ਖ਼ਬਰਾਂ ਵਿਚਕਾਰ ਆਪਸੀ ਵਿਰੋਧ ਨੇ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਵਿੱਚ ‘ਆਪ’ ਪ੍ਰਸ਼ਾਸਨ ਦੀ ਨਾਕਾਮੀ ਨੂੰ ਉਜਾਗਰ ਕੀਤਾ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਸਫਲਤਾ ਦੇ ਵਾਰ-ਵਾਰ ਦਾਅਵਿਆਂ ਦੀ ਬਜਾਏ, ਨਸ਼ਿਆਂ ਦੇ ਸੰਕਟ ‘ਤੇ ਸਰਕਾਰ ਤੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਹੱਕਦਾਰ ਹਨ।
ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇੱਕ ਅਜਿਹੇ ਮੁੱਦੇ ‘ਤੇ ਸਵਾਲ ਉਠਾਏ ਹਨ, ਜੋ ਸਿੱਧੇ ਤੌਰ ‘ਤੇ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਬਾਰੇ ‘ਆਪ’ ਦੀ ਗੁੱਸੇ ਭਰੀ ਪ੍ਰਤੀਕ੍ਰਿਆ ਜਵਾਬਾਂ ਦਾ ਬਦਲ ਨਹੀਂ ਹੋ ਸਕਦੀ।
ਵੜਿੰਗ ਨੇ ‘ਆਪ’ ਲੀਡਰਸ਼ਿਪ ਨੂੰ ਸੂਬੇ ਵਿੱਚ ਨਸ਼ਿਆਂ ਦੀ ਮੌਜੂਦਗੀ ਨਾਲ ਸਬੰਧਤ ਚਿੰਤਾਵਾਂ ਨੂੰ ਹੱਲ ਕਰਨ ਅਤੇ ਇਹ ਦੱਸਣ ਲਈ ਚੁਣੌਤੀ ਦਿੱਤੀ ਹੈ ਕਿ ਸਰਕਾਰ ਦੇ ਵਾਰ-ਵਾਰ ਇਸ ਨੂੰ ਖਤਮ ਕਰਨ ਦੇ ਦਾਅਵਿਆਂ ਦੇ ਬਾਵਜੂਦ ਇਹ ਸਮੱਸਿਆ ਲੋਕਾਂ ਦੀ ਚਰਚਾ ਵਿੱਚ ਕਿਉਂ ਪ੍ਰਮੁੱਖਤਾ ਨਾਲ ਛਾਈ ਰਹਿੰਦੀ ਹੈ।
ਉਨ੍ਹਾਂ ਨੇ ਕਿਹਾ ਕਿ “ਆਪ” ਦਾ ਪਰਦਾਫਾਸ਼ ਹੋ ਗਿਆ ਹੈ। ਇਸਦੇ ਆਗੂ ਭਾਵੇਂ ਕਿੰਨਾ ਵੀ ਝੂਠ ਕਿਉਂ ਨਾ ਬੋਲ ਲੈਣ, ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਨਾ ਸਿਰਫ਼ ਇਸਨੂੰ ਪਰੇਸ਼ਾਨ ਕਰੇਗੀ, ਸਗੋਂ ਇਸਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ।
ਵੜਿੰਗ ਨੇ ਕਿਹਾ ਕਿ ਕਾਂਗਰਸ ਪੰਜਾਬ ਦੇ ਨਸ਼ਿਆਂ ਦੇ ਸੰਕਟ ਦਾ ਮੁੱਦਾ ਉਠਾਉਂਦੀ ਰਹੇਗੀ ਅਤੇ ਸੂਬਾ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦੀ ਰਹੇਗੀ।
ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ‘ਆਪ’ ਸਰਕਾਰ ਨੂੰ ਵਿਰੋਧੀ ਧਿਰਾਂ ਵਿਰੁੱਧ ਹਮਲੇ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਅਤੇ ਨਸ਼ਿਆਂ ਤੋਂ ਪ੍ਰਭਾਵਿਤ ਉਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਉਪਰ ਧਿਆਨ ਦੇਣਾ ਚਾਹੀਦਾ ਹੈ।












