ਭਗਵੰਤ ਮਾਨ ਸਰਕਾਰ ਦੀ ਲਾਪ੍ਰਵਾਹੀ ਤੇ ਕੁਚੱਜੀ ਵਿਉਂਤਬੰਦੀ ਨੇ ਪੰਜਾਬ ਨੂੰ ਗੰਭੀਰ ਬਿਜਲੀ ਸੰਕਟ ਵਿੱਚ ਧੱਕਿਆ: ਬਲਬੀਰ ਸਿੱਧੂ

ਪੰਜਾਬ

ਕਿਹਾ, ਮੋਹਾਲੀ ਸਮੇਤ ਸੂਬੇ ਦੇ ਸਨਅਤਕਾਰਾਂ ਵਿੱਚ ਹਾਹਾਕਾਰ ਮੱਚੀ

ਮੋਹਾਲੀ, 9 ਸਤੰਬਰ ,ਬੋਲੇ ਪੰਜਾਬ ਬਿਊਰੋ;

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦੀ ਘੋਰ ਨਲਾਇਕੀ, ਰਿਸ਼ਵਤਖੋਰੀ ਅਤੇ ਨਿਕੰਮੀ ਕਾਰਗੁਜ਼ਾਰੀ ਕਾਰਨ ਅੱਜ ਸੂਬਾ ਬਿਜਲੀ ਦੇ ਗੰਭੀਰ ਸੰਕਟ ਵਿਚ ਘਿਰ ਗਿਆ ਹੈ।

ਸ਼੍ਰੀ ਸਿੱਧੂ  ਨੇ ਕਿਹਾ ਕਿ ਇਸ ਵੇਲੇ ਮੋਹਾਲੀ ਸਮੇਤ ਪੂਰੇ ਪੰਜਾਬ ਦੇ ਸਨਅਤਕਾਰਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਕਿਉਂਕਿ ਸਨਅਤੀ ਸੈਕਟਰ ਉਤੇ ਲੰਬੇ-ਲੰਬੇ ਬਿਜਲੀ ਕੱਟ ਲਗਾ ਕੇ ਉਦਯੋਗਾਂ ਦਾ ਲੱਕ ਤੋੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ  ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਥਰਮਲ ਪਲਾਂਟਾਂ ਕੋਲ ਮਹਿਜ਼ 4 ਦਿਨਾਂ ਦਾ ਹੀ ਕੋਲਾ ਬਾਕੀ ਬਚਿਆ ਹੈ, ਜਿਸ ਕਾਰਨ ਬਿਜਲੀ ਉਤਪਾਦਨ ਠੱਪ ਹੋਣ ਕਿਨਾਰੇ ਹੈ।

ਸਾਬਕਾ ਮੰਤਰੀ ਨੇ ਸਰਕਾਰ ਦੀ ਨੀਅਤ ਉੱਤੇ ਸਵਾਲ ਚੁੱਕਦਿਆਂ ਖੁਲਾਸਾ ਕੀਤਾ ਕਿ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਨੇ ਪੰਜਾਬ ਨੂੰ 250 ਮੈਗਾਵਾਟ ਸੂਰਜੀ ਊਰਜਾ 25 ਸਾਲ ਲਈ 2.61 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇਣੀ ਸੀ। ਪਰ ਸਰਕਾਰ ਦੇ ਦਬਾਅ ਹੇਠ ਪੰਜਾਬ ਸਟੇਟ ਪਾਵਰ ਕਾਰੋਪੋਰੇਸ਼ਨ ਨੇ ਜਦੋਂ ਹੁੰਗਾਰਾ ਨਾ ਭਰਿਆ ਤਾਂ ਇਹ ਸਸਤੀ ਸੂਰਜੀ ਊਰਜਾ ਦਾ ਸਮਝੌਤਾ ਰੱਦ ਕਰ ਕੇ ਕਿਸੇ ਹੋਰ ਸੂਬੇ ਨੂੰ ਦੇ ਦਿਤੀ ਗਈ ਹੈ। ਉਹਨਾਂ ਇਹ ਵੀ ਦਸਿਆ ਕਿ ਦੂਜੇ ਪਾਸੇ ਨਿੱਜੀ ਕੰਪਨੀਆਂ ਤੋਂ 8 ਰੁਪਏ ਪ੍ਰਤੀ ਯੂਨਿਟ ਦੇ ਮਹਿੰਗੇ ਭਾਅ ’ਤੇ ਥੋੜ੍ਹੇ ਸਮੇਂ ਦੇ ਸਮਝੌਤਿਆਂ ਰਾਹੀਂ ਬਿਜਲੀ ਖਰੀਦੀ ਜਾ ਰਹੀ ਹੈ, ਜੋ ਇਹ ਸਿੱਧੇ ਤੌਰ ’ਤੇ ਜਨਤਾ ਦੇ ਪੈਸੇ ਦੀ ਲੁੱਟ ਅਤੇ ਇਕ ਬਹੁਤ ਵੱਡਾ ਘੁਟਾਲਾ ਹੈ।

ਕਾਂਗਰਸੀ ਆਗੂ ਨੇ ਯਾਦ ਕਰਾਇਆ ਕਿ ਪੰਜਾਬ ਸਟੇਟ ਪਾਵਰ ਕਾਰੋਪੋਰੇਸ਼ਨ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਪ੍ਰਵਾਨ ਕੀਤੀ ਗਈ ਇਸ ਖਰੀਦ ਨੂੰ ਉਸ ਵੇਲੇ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਦਬਾਅ ਪਾ ਕੇ ਰੁਕਵਾਇਆ ਸੀ ਅਤੇ ਨਿੱਜੀ ਕੰਪਨੀਆਂ ਨਾਲ ਮਹਿੰਗੇ ਭਾਅ ਦੇ ਸਮਝੌਤੇ ਕੀਤੇ ਸਨ।

ਉਹਨਾਂ ਕਿਹਾ ਇਸ ਨੰਗੀ-ਚਿੱਟੀ ਲੁੱਟ ਦਾ ਵਿਰੋਧ ਕੀਤੇ ਜਾਣ ਕਰ ਕੇ ਹੀ ਉਸ ਵੇਲੇ ਦੇ ਜੈਨਰੇਸ਼ਨ ਡਾਇਰੈਕਟਰ ਹਰਜੀਤ ਸਿੰਘ ਨੂੰ ਬਿਨਾਂ ਕੋਈ ਕਾਰਨ ਦਸਿਆਂ ਹਟਾ ਦਿੱਤਾ ਗਿਆ ਸੀ।

 ਸ੍ਰੀ ਸਿੱਧੂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ‘ਆਪ’ ਸਰਕਾਰ ਨੇ ਪਿਛਲੇ ਪੰਜਾਂ ਸਾਲਾਂ ਦੌਰਾਨ ਸੂਬੇ ਦੇ ਬਿਜਲੀ ਢਾਂਚੇ ਵਿੱਚ ਇੱਕ ਵੀ ਯੂਨਿਟ ਥਰਮਲ ਜਾਂ ਸੂਰਜੀ ਊਰਜਾ ਦੇ ਉਤਪਾਦਨ ਦਾ ਨਹੀਂ ਜੋੜਿਆ, ਜਿਸ ਦਾ ਖ਼ਾਮਿਆਜ਼ਾ ਅੱਜ ਸਨਅਤਕਾਰਾਂ ਅਤੇ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।

ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਦੀ ਇਹੀ ਹਾਲਤ ਰਹੀ ਤਾਂ ਪੰਜਾਬ ਦੀ ਇੰਡਸਟਰੀ ਇੱਥੋਂ ਪਲਾਇਨ ਕਰਕੇ ਬਾਹਰਲੇ ਸੂਬਿਆਂ ਵਿੱਚ ਚਲੀ ਜਾਵੇਗੀ, ਜਿਸ ਨਾਲ ਲੱਖਾਂ ਨੌਜਵਾਨ ਬੇਰੁਜ਼ਗਾਰ ਹੋ ਜਾਣਗੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਸਨਅਤਕਾਰਾਂ ਅਤੇ ਵਪਾਰੀਆਂ ਦੇ ਹੱਕ ਵਿੱਚ ਚਟਾਨ ਵਾਂਗ ਖੜ੍ਹੀ ਹੈ। ਜੇਕਰ ਸਰਕਾਰ ਨੇ ਤੁਰੰਤ ਆਪਣੀ ਕੁੰਭਕਰਨੀ ਨੀਂਦ ਤਿਆਗ ਕੇ ਹਾਲਾਤ ਨਾ ਸੁਧਾਰੇ ਅਤੇ ਬਿਜਲੀ ਕੱਟ ਬੰਦ ਨਾ ਕੀਤੇ, ਤਾਂ ਕਾਂਗਰਸ ਪਾਰਟੀ ਸਰਕਾਰ ਵਿਰੁੱਧ ਸੜਕਾਂ ’ਤੇ ਉਤਰ ਕੇ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ। ਸਰਕਾਰ ਨੂੰ ਇਸ ਨਾਕਾਮੀ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਹੀ ਪਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।