Nangal NFL ਦੇ ਵਿਸਥਾਰ ਦੀ ਮਨਜ਼ੂਰੀ ਨੂੰ ਲੈ ਕੇ ਭਾਜਪਾ ਆਗੂਆਂ ’ਚ ਸ਼ੁਰੂ ਹੋਈ ਕ੍ਰੈਡਿਟ ਵਾਰ

ਪੰਜਾਬ

ਸ੍ਰੀ ਅਨੰਦਪੁਰ ਸਾਹਿਬ 14 ਸਤੰਬਰ ,ਬੋਲੇ ਪੰਜਾਬ ਬਿਊਰੋ;

ਨੰਗਲ ਸਥਿਤ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ ਐੱਫ ਐੱਲ) ਪਲਾਂਟ ਦੇ ਨਵੀਨੀਕਰਨ ਅਤੇ ਵਿਸਥਾਰ ਨੂੰ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਦਾ ਸਿਹਰਾ ਲੈਣ ਨੂੰ ਲੈ ਕੇ ਭਾਜਪਾ ਆਗੂਆਂ ਵਿੱਚ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ।

ਇੱਕ ਪਾਸੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇਸ ਮਨਜ਼ੂਰੀ ਨੂੰ ਆਪਣੇ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੇਂਦਰੀ ਆਗੂਆਂ ਨਾਲ ਕੀਤੀਆਂ ਲਗਾਤਾਰ ਮੀਟਿੰਗਾਂ ਦਾ ਨਤੀਜਾ ਦੱਸਿਆ ਹੈ। ਦੂਜੇ ਪਾਸੇ ਭਾਜਪਾ ਆਗੂ ਐਡਵੋਕੇਟ ਅਰਵਿੰਦ ਮਿੱਤਲ ਨੇ ਦਾਅਵਾ ਕੀਤਾ ਹੈ ਕਿ ਐੱਨ ਐੱਫ ਐੱਲ ਦੇ ਨਵੀਨੀਕਰਨ ਦਾ ਮੁੱਦਾ ਕਰੀਬ ਇੱਕ ਦਹਾਕਾ ਪਹਿਲਾਂ ਹੀ ਕੇਂਦਰ ਸਰਕਾਰ ਦੇ ਪੱਧਰ ’ਤੇ ਉਠਾਇਆ ਗਿਆ ਸੀ ਅਤੇ ਨਵੀਨੀਕਰਨ ਦੀ ਨੀਂਹ ਉਨ੍ਹਾਂ ਦੇ ਪਿਤਾ ਅਤੇ ਉਸ ਸਮੇਂ ਪੰਜਾਬ ਦੀ ਵਜ਼ਾਰਤ ਵਿੱਚ ਮੰਤਰੀ ਰਹੇ ਮਦਨ ਮੋਹਨ ਮਿੱਤਲ ਵੱਲੋਂ ਰੱਖੀ ਗਈ ਸੀ । ਡਾ. ਸੁਭਾਸ਼ ਸ਼ਰਮਾ ਨੇ ਪਿਛਲੇ ਦਿਨੀਂ ਸਥਾਨਕ ਬੀ ਬੀ ਐੱਮ ਬੀ (ਪੀ ਐੱਸ ਸੀ ਬੀ. ਰੈਸਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਹਲਕੇ ਦੇ ਲੋਕਾਂ ਨਾਲ ਨੰਗਲ ਐੱਨ ਐੱਫ ਐੱਲ ਪਲਾਂਟ ਦੇ ਆਧੁਨਿਕੀਕਰਨ ਅਤੇ ਵਿਸਥਾਰ ਲਈ ਯਤਨ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਅਨੁਸਾਰ ਪਿਛਲੇ ਦੋ ਸਾਲਾਂ ਦੌਰਾਨ ਕੇਂਦਰੀ ਮੰਤਰੀ ਜੇ ਪੀ ਨੱਡਾ ਸਮੇਤ ਹੋਰ ਕੇਂਦਰੀ ਆਗੂਆਂ ਨਾਲ ਇਸ ਮਾਮਲੇ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਕੇਂਦਰ ਸਰਕਾਰ ਦੀ ਪ੍ਰਾਜੈਕਟ ਮਨਜ਼ੂਰੀ ਕਮੇਟੀ ਵੱਲੋਂ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਯੂਰੀਆ ਉਤਪਾਦਨ ਵਧਾਉਣ ਲਈ ਮਨਜ਼ੂਰ ਕੀਤੇ ਗਏ ਅੱਠ ਨਵੇਂ ਪਲਾਂਟਾਂ ਵਿੱਚ ਨੰਗਲ ਦਾ ਐੱਨ ਐੱਫ ਐੱਲ ਪਲਾਂਟ ਵੀ ਸ਼ਾਮਲ ਹੈ। ਮੌਜੂਦਾ ਪਲਾਂਟ ਦੀ ਪੁਰਾਣੀ ਮਸ਼ੀਨਰੀ ਨੂੰ ਨਵੀਂ ਤਕਨਾਲੋਜੀ ਨਾਲ ਬਦਲਣ ਅਤੇ ਸਮਰੱਥਾ ਵਧਾਉਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਨੰਗਲ ਪਲਾਂਟ ਵਿੱਚ ਰੋਜ਼ਾਨਾ ਕਰੀਬ 1550 ਮੀਟਰਕ ਟਨ ਯੂਰੀਆ ਪੈਦਾ ਹੁੰਦਾ ਹੈ, ਜੋ ਵਿਸਥਾਰ ਤੋਂ ਬਾਅਦ ਵਧ ਕੇ 3850 ਮੀਟਰਕ ਟਨ ਰੋਜ਼ਾਨਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਯੂਰੀਆ ਦੀ ਸਪਲਾਈ ਵਿੱਚ ਰਾਹਤ ਮਿਲਣ ਦੇ ਨਾਲ-ਨਾਲ ਇਲਾਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ।

ਦੂਜੇ ਪਾਸੇ ਐਡਵੋਕੇਟ ਅਰਵਿੰਦ ਮਿੱਤਲ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਐੱਨ ਐੱਫ ਐੱਲ ਦੇ ਨਵੀਨੀਕਰਨ ਦੇ ਮਾਮਲੇ ਦਾ ਪਿਛੋਕੜ ਦੱਸਦਿਆਂ ਕਿਹਾ ਕਿ ਸਾਲ 2014 ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਇਹ ਮੁੱਦਾ ਕੇਂਦਰ ਸਰਕਾਰ ਦੇ ਪੱਧਰ ’ਤੇ ਉਠਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਮਦਨ ਮੋਹਨ ਮਿੱਤਲ ਉਦਯੋਗ ਮੰਤਰੀ ਸਨ ਅਤੇ ਅਨੰਤ ਕੁਮਾਰ ਕੇਂਦਰੀ ਫਰਟੀਲਾਈਜ਼ਰ ਮੰਤਰੀ ਸਨ। ਉਨ੍ਹਾਂ ਦੇ ਅਨੁਸਾਰ ਪੁਰਾਣੀਆਂ ਫਰਟੀਲਾਈਜ਼ਰ ਇਕਾਈਆਂ ਦੇ ਨਵੀਨੀਕਰਨ ਅਤੇ ਉਤਪਾਦਨ ਵਧਾਉਣ ਦੀ ਯੋਜਨਾ ਤਹਿਤ ਦੇਸ਼ ਦੀਆਂ ਕਰੀਬ 14 ਇਕਾਈਆਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਅੱਠ ਨੂੰ ਮਨਜ਼ੂਰੀ ਮਿਲੀ ਸੀ ਅਤੇ ਨੰਗਲ ਦੀ ਐੱਨ ਐੱਫ ਐੱਲ ਫੈਕਟਰੀ ਵੀ ਇਨ੍ਹਾਂ ਵਿੱਚ ਸ਼ਾਮਲ ਸੀ।

ਅਰਵਿੰਦ ਮਿੱਤਲ ਨੇ ਦਾਅਵਾ ਕੀਤਾ ਕਿ ਮਦਨ ਮੋਹਨ ਮਿੱਤਲ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਸਹਿਯੋਗ ਨਾਲ ਤਤਕਾਲੀ ਕੇਂਦਰੀ ਫਰਟੀਲਾਈਜ਼ਰ ਮੰਤਰੀ ਅਨੰਤ ਕੁਮਾਰ ਨੇ ਨੰਗਲ ਐੱਨ ਐੱਫ ਐੱਲ ਫੈਕਟਰੀ ਦਾ ਦੌਰਾ ਕੀਤਾ ਸੀ ਅਤੇ ਨਵੀਨੀਕਰਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕੁਝ ਸਰਕਾਰੀ ਅਤੇ ਆਪਸੀ ਮਸਲਿਆਂ ਕਾਰਨ ਉਸ ਸਮੇਂ ਇਹ ਪ੍ਰਾਜੈਕਟ ਅੱਗੇ ਨਹੀਂ ਵਧ ਸਕਿਆ, ਪਰ ਹੁਣ ਖਾਦ ਦੀ ਵਧਦੀ ਮੰਗ ਨੂੰ ਦੇਖਦਿਆਂ ਇਸ ਨੂੰ ਮੁੜ ਅੱਗੇ ਵਧਾਉਣ ਦੀ ਲੋੜ ਮਹਿਸੂਸ ਹੋਈ ਹੈ।

ਐੱਨ ਐੱਫ ਐੱਲ ਦੇ ਵਿਸਥਾਰ ਨੂੰ ਲੈ ਕੇ ਦੋਵੇਂ ਆਗੂਆਂ ਦੇ ਬਿਆਨਾਂ ਵਿੱਚ ਜਿੱਥੇ ਪ੍ਰਾਜੈਕਟ ਦੀ ਮਨਜ਼ੂਰੀ ਨੂੰ ਇਲਾਕੇ ਲਈ ਵੱਡੀ ਪ੍ਰਾਪਤੀ ਦੱਸਿਆ ਗਿਆ ਹੈ, ਉੱਥੇ ਇਸ ਦੇ ਪਿੱਛੇ ਕੀਤੇ ਗਏ ਯਤਨਾਂ ਦਾ ਸਿਹਰਾ ਲੈਣ ਨੂੰ ਲੈ ਕੇ ਵੱਖ-ਵੱਖ ਦਾਅਵੇ ਸਾਹਮਣੇ ਆਏ ਹਨ। ਇਸ ਕਾਰਨ ਭਾਜਪਾ ਦੇ ਸਥਾਨਕ ਸਿਆਸੀ ਹਲਕਿਆਂ ਵਿੱਚ ਇਸ ਪ੍ਰਾਜੈਕਟ ਦੀ ਮਨਜ਼ੂਰੀ ਨੂੰ ਲੈ ਕੇ ਕ੍ਰੈਡਿਟ ਵਾਰ ਦੀ ਚਰਚਾ ਸ਼ੁਰੂ ਹੋ ਗਈ ਹੈ। ਕਾਰਨ ਇਹ ਵੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਦੋਵੇਂ ਆਗੂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਹਨ ਅਤੇ ਇਸੇ ਕਰਕੇ ਖਾਦ ਕਾਰਖਾਨੇ ਦੇ ਵਿਸਥਾਰ ਦੀ ਮਨਜ਼ੂਰੀ ਨੂੰ ਹਲਕੇ ਦੇ ਲੋਕਾਂ ਵਿੱਚ ਆਪਣੀ-ਆਪਣੀ ਪ੍ਰਾਪਤੀ ਦੱਸ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।