ਬੈਂਗਲੁਰੂ 18 ਸਤੰਬਰ ,ਬੋਲੇ ਪੰਜਾਬ ਬਿਊਰੋ
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਭ੍ਰਿਸ਼ਟਾਚਾਰ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੋਕਾਯੁਕਤ ਦੀ ਟੀਮ ਨੇ ਸੈਂਟਰਲ GST (ਜੀ.ਐੱਸ.ਟੀ.) ਦੇ ਇੱਕ ਸੀਨੀਅਰ ਅਧਿਕਾਰੀ ਨੂੰ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀ ਦੀ ਪਛਾਣ ਮੋਹਿਤ ਪ੍ਰਤਾਪ ਸਿੰਘ ਵਜੋਂ ਹੋਈ ਹੈ, ਜੋ ਸੈਂਟਰਲ GST, ਸਾਊਥ ਡਿਵੀਜ਼ਨ-4 (ਸਾਊਥ ਕਮਿਸ਼ਨਰੇਟ) ਵਿੱਚ ਸੁਪਰਡੈਂਟ ਦੇ ਅਹੁਦੇ ‘ਤੇ ਤਾਇਨਾਤ ਸੀ।
ਇਸ ਕਾਰਵਾਈ ਦੌਰਾਨ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਅਧਿਕਾਰੀ ਨੋਟਾਂ ਨਾਲ ਭਰਿਆ ਝੋਲਾ ਫੜਦਾ ਅਤੇ ਰਕਮ ਗਿਣਦਾ ਨਜ਼ਰ ਆ ਰਿਹਾ ਹੈ।ਮਿਲੀਆਂ ਰਿਪੋਰਟਾਂ ਅਨੁਸਾਰ, ਸੁਪਰਡੈਂਟ ਮੋਹਿਤ ਪ੍ਰਤਾਪ ਸਿੰਘ ਨੇ ਸਥਾਨਕ ਕਾਰੋਬਾਰੀ ਸੱਯਦ ਜ਼ਮੀਰ ਤੋਂ GST ਨਾਲ ਜੁੜੇ ਇੱਕ ਲਟਕਦੇ ਮਾਮਲੇ ਅਤੇ ਉਨ੍ਹਾਂ ਦੇ ਖ਼ਿਲਾਫ਼ ਦਰਜ ਕਥਿਤ ਝੂਠੀ ਸ਼ਿਕਾਇਤ ਨੂੰ ਰਫ਼ਾ-ਦਫ਼ਾ (ਬੰਦ) ਕਰਨ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਪੂਰੇ ਲੈਣ-ਦੇਣ ਵਿੱਚ ਸਲਮਾਨ ਸ਼ੇਖ਼ ਨਾਮ ਦਾ ਵਿਅਕਤੀ ਵਿਚੋਲੇ (ਮਿਡਲਮੈਨ) ਦੀ ਭੂਮਿਕਾ ਨਿਭਾ ਰਿਹਾ ਸੀ। ਲੋਕਾਯੁਕਤ ਨੇ ਸਲਮਾਨ ਸ਼ੇਖ਼ ਨੂੰ ਵੀ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।ਘਟਨਾ ਨਾਲ ਸਬੰਧਤ ਸਾਹਮਣੇ ਆਈ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਅਧਿਕਾਰੀ ਨੂੰ ਗੁਲਾਬੀ ਰੰਗ ਦਾ ਇੱਕ ਥੈਲਾ ਸੌਂਪ ਰਿਹਾ ਹੈ। ਉਸ ਥੈਲੇ ਦੇ ਅੰਦਰ 500-500 ਰੁਪਏ ਦੇ ਨੋਟਾਂ ਦੀਆਂ ਕਈ ਗੱਡੀਆਂ ਰੱਖੀਆਂ ਹੋਈਆਂ ਸਨ। ਸਾਹਮਣੇ ਕੁਰਸੀ ‘ਤੇ ਬੈਠਾ GST ਸੁਪਰਡੈਂਟ ਮੋਹਿਤ ਪ੍ਰਤਾਪ ਸਿੰਘ ਬਿਨਾਂ ਕਿਸੇ ਖ਼ੌਫ਼ ਦੇ ਥੈਲੇ ਵਿੱਚ ਰੱਖੇ ਪੈਸਿਆਂ ਨੂੰ ਗਿਣ ਰਿਹਾ ਸੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਕਮ ਘੱਟ ਤਾਂ ਨਹੀਂ ਹੈ। ਇਹ ਸਾਰੀ ਕਰਤੂਤ ਗੁਪਤ ਤੌਰ ‘ਤੇ ਕੈਮਰੇ ਵਿੱਚ ਰਿਕਾਰਡ ਹੋ ਗਈ।
ਰਿਸ਼ਵਤ ਦੀ ਇਹ ਰਕਮ ਕੋਰਮੰਗਲਾ ਸਥਿਤ ਕੇਂਦਰੀ ਸਦਨ ਵਿੱਚ ਸੁਪਰਡੈਂਟ ਦੇ ਨਿੱਜੀ ਚੈਂਬਰ (ਦਫ਼ਤਰ) ਵਿੱਚ ਲਈ ਜਾ ਰਹੀ ਸੀ। ਬੈਂਗਲੁਰੂ ਸ਼ਹਿਰ ਦੀ ਲੋਕਾਯੁਕਤ ਟੀਮ ਨੂੰ ਇਸ ਗੈਰ-ਕਾਨੂੰਨੀ ਲੈਣ-ਦੇਣ ਦੀ ਭਣਕ ਪਹਿਲਾਂ ਹੀ ਲੱਗ ਚੁੱਕੀ ਸੀ। ਜਿਵੇਂ ਹੀ ਕਾਰੋਬਾਰੀ ਨੇ ਰਿਸ਼ਵਤ ਦੀ ਰਕਮ ਅਧਿਕਾਰੀ ਨੂੰ ਫੜ੍ਹਾਈ, ਪਹਿਲਾਂ ਤੋਂ ਹੀ ਤਿਆਰ ਬੈਠੀ ਲੋਕਾਯੁਕਤ ਦੀ ਟੀਮ ਨੇ ਮੌਕੇ ‘ਤੇ ਛਾਪਾ ਮਾਰ ਕੇ ਮੋਹਿਤ ਪ੍ਰਤਾਪ ਸਿੰਘ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।ਦੋਸ਼ੀ ਅਧਿਕਾਰੀ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ, 1988 (2018 ਵਿੱਚ ਸੋਧਿਆ ਗਿਆ) ਦੀ ਧਾਰਾ 7A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਲੋਕਾਯੁਕਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਹਾ ਹੈ ਕਿ ਕੀ ਇਸ ਖੇਡ ਵਿੱਚ ਹੋਰ ਵੀ ਕੋਈ ਉੱਚ ਅਧਿਕਾਰੀ ਸ਼ਾਮਲ ਸਿੀ ਜਾਂ ਨਹੀਂ ।












