‘ਸਰਕਾਰੀ ਖ਼ਜ਼ਾਨੇ ‘ਤੇ ਡਾਕਾ!’: ਮੰਡੀ ਕਲਾਂ ‘ਚ ਮੁੱਖ ਮੰਤਰੀ ਦੀ ‘ਲੋਕ ਮਿਲਣੀ’ ਦੌਰਾਨ ਵਾਈ-ਫਾਈ/ਇੰਟਰਨੈੱਟ ਦਾ ਬਿੱਲ ₹1.21 ਲੱਖ ਪੁੱਜਣ ‘ਤੇ ਛਿੜਿਆ ਵੱਡਾ ਵਿਵਾਦ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 19 ਸਤੰਬਰ ,ਬੋਲੇ ਪੰਜਾਬ ਬਿਊਰੋ

ਪੰਜਾਬ ਦੇ ਆਮ ਘਰ ਦੇ ਮੁੰਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮਾਂ ‘ਤੇ ਜਨਤਾ ਦੇ ਸਰਕਾਰੀ ਪੈਸੇ ਦੀ ਹੁੰਦੀ ਵਰਤੋਂ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਸਿਆਸੀ ਭੂਚਾਲ ਆ ਗਿਆ ਹੈ। 23 ਜੂਨ 2026 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਮੁੱਖ ਮੰਤਰੀ ਦੀ ‘ਲੋਕ ਮਿਲਣੀ’ ਸਬੰਧੀ ਰੱਖੇ ਇੱਕ ਛੋਟੇ ਜਿਹੇ ਪ੍ਰੋਗਰਾਮ ਲਈ ਮੁਹੱਈਆ ਕਰਵਾਏ ਗਏ ਇੰਟਰਨੈੱਟ ਕਨੈਕਸ਼ਨ ਦਾ ਬਿੱਲ ਹੀ ₹1,21,595 (ਲਗਭਗ 1 ਲੱਖ 21 ਹਜ਼ਾਰ) ਰੁਪਏ ਬਣਾ ਦਿੱਤਾ ਗਿਆ ਹੈ, ਜਿਸ ਦਾ ਸਰਕਾਰੀ ਪੱਤਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਵੱਲੋਂ ਬਲਾਕ ਵਿਕਾਸ ਪੰਚਾਇਤ ਅਫ਼ਸਰ (BDPO) ਰਾਮਪੁਰਾ ਫੂਲ ਨੂੰ ਲਿਖੇ ਗਏ ਪੱਤਰ (ਪੱਤਰ ਨੰਬਰ 40/ਪੀ.ਐਲ.ਆਰ.ਐਸ, ਮਿਤੀ 11/09/2026) ਅਨੁਸਾਰ, ਮੰਡੀ ਕਲਾਂ ਵਿਖੇ ਮੁੱਖ ਮੰਤਰੀ ਦੇ ਦੌਰੇ ਲਈ ਇੰਟਰਨੈੱਟ ਕਨੈਕਸ਼ਨ ਮੁਹੱਈਆ ਕਰਵਾਏ ਗਏ ਸਨ। ਇਸ ਵਿੱਚ BSNL ਦਾ ਬਿੱਲ ₹1,19,770 ਅਤੇ ‘ਢਿੱਲੋਂ ਕੇਬਲ ਨੈੱਟਵਰਕ’ ਦਾ ਬਿੱਲ ₹1,825 ਦੱਸਿਆ ਗਿਆ ਹੈ, ਜਿਸ ਦਾ ਕੁੱਲ ਜੋੜ ₹1,21,595 ਰੁਪਏ ਬਣਦਾ ਹੈ। ਸਰਕਾਰ ਵੱਲੋਂ ਇਨ੍ਹਾਂ ਬਿਲਾਂ ਦੀ ਅਦਾਇਗੀ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਸਰਕਾਰੀ ਬਿੱਲ ਦੇ ਸਾਹਮਣੇ ਆਉਂਦੇ ਹੀ ਵਿਰੋਧੀਆਂ ਅਤੇ ਆਮ ਲੋਕਾਂ ਵੱਲੋਂ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵੱਡੀ ਤੋਂ ਵੱਡੀ ਰੈਲੀ ਦਾ ਲਾਈਵ ਟੈਲੀਕਾਸਟ 15 ਤੋਂ 25 ਹਜ਼ਾਰ ਰੁਪਏ ਵਿੱਚ ਹੋ ਜਾਂਦਾ ਹੈ, ਪਰ ਮਾਤਰ ਇੱਕ-ਦੋ ਘੰਟੇ ਦੇ ਪ੍ਰੋਗਰਾਮ ਲਈ 1.21 ਲੱਖ ਰੁਪਏ ਦਾ ਇੰਟਰਨੈੱਟ ਬਿੱਲ ਤਿਆਰ ਕਰਨਾ ਸਿੱਧਾ-ਸਿੱਧਾ ਸਰਕਾਰੀ ਖ਼ਜ਼ਾਨੇ ਦੀ ਫਜ਼ੂਲਖਰਚੀ ਹੈ।

ਚਰਚਾਵਾਂ ਛਿੜ ਗਈਆਂ ਹਨ ਕਿ ਇਹ ਕਿਹੜਾ ਇੰਟਰਨੈੱਟ ਸੀ—ਕੀ ਇਹ ਨਾਸਾ (NASA) ਤੋਂ ਸਿੱਧਾ ਸੈਟੇਲਾਈਟ ਕਨੈਕਸ਼ਨ ਲਿਆ ਕੇ ਲਗਾਇਆ ਗਿਆ ਸੀ ਜਾਂ ਜੀਓ (Jio) ਦੀ ਕੋਈ ਨਵੀਂ 7G ਲੀਜ਼ ਲਾਈਨ ਸੀ? ਲੋਕਾਂ ਦਾ ਦੋਸ਼ ਹੈ ਕਿ ਇੱਕ ਪਾਸੇ ਜਨਤਾ ਦੇ ਟੈਕਸ ਦਾ ਪੈਸਾ ਹੈ, ਅਤੇ ਦੂਜੇ ਪਾਸੇ ‘ਆਪ’ ਸਰਕਾਰ ਦੇ ਪ੍ਰੋਗਰਾਮਾਂ ਦੇ ਨਾਂ ‘ਤੇ ਲੱਖਾਂ ਰੁਪਏ ਵਾਈ-ਫਾਈ ਅਤੇ ਟੈਂਟਾਂ ‘ਤੇ ਬਿਨਾਂ ਵਜ੍ਹਾ ਰੋੜ੍ਹੇ ਜਾ ਰਹੇ ਹਨ।ਫਿਲਹਾਲ ਇਸ ਬਿੱਲ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਅਤੇ ਸਰਕਾਰ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ ਅਤੇ ਲੋਕਾਂ ਵਿੱਚ ਇਸ ਖਰਚੇ ਨੂੰ ਲੈ ਕੇ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।