ਨਵੀਂ ਦਿੱਲੀ 20 ਸਤੰਬਰ ,ਬੋਲੇ ਪੰਜਾਬ ਬਿਊਰੋ;
ਦਿੱਲੀ ਚੋਣ ਕਮਿਸ਼ਨ ਨੇ ਸ਼ਨਿੱਚਰਵਾਰ ਨੂੰ ਕੌਮੀ ਰਾਜਧਾਨੀ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਪ੍ਰਕਿਰਿਆ ਦੇ ਹਿੱਸੇ ਵਜੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਜਾਰੀ ਕੀਤੇ ਹਨ।
ਇਹ ਨੋਟਿਸ ਦਿੱਲੀ ਵਿੱਚ “ਪਿਛਲੀ ਐੱਸ ਆਈ ਆਰ ਨਾਲ ਅਨਮੈਪਡ” ਵੋਟਰਾਂ ਦੀ ਸ਼੍ਰੇਣੀ ਤਹਿਤ ਅਰਵਿੰਦ ਕੇਜਰੀਵਾਲ, ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਪੁੱਤਰ ਪੁਲਕਿਤ ਕੇਜਰੀਵਾਲ ਅਤੇ ਮਾਤਾ-ਪਿਤਾ ਗੋਬਿੰਦ ਰਾਮ ਕੇਜਰੀਵਾਲ ਤੇ ਗੀਤਾ ਦੇਵੀ ਨੂੰ ਜਾਰੀ ਕੀਤੇ ਗਏ ਹਨ।ਦਿੱਲੀ ਚੋਣ ਕਮਿਸ਼ਨ ਦੇ ਦਸਤਾਵੇਜ਼ਾਂ ਅਨੁਸਾਰ, ਨਵੀਂ ਦਿੱਲੀ ਵਿਧਾਨ ਸਭਾ ਹਲਕੇ ਦੇ ਭਾਗ-51, ਕੇਜੀ ਮਾਰਗ ਦੇ ਜਿਨ੍ਹਾਂ 110 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿੱਚ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੰਜ ਮੈਂਬਰਾਂ ਦੇ ਨਾਮ ਸ਼ਾਮਲ ਹਨ।ਅਰਵਿੰਦ ਕੇਜਰੀਵਾਲ ਨਵੀਂ ਦਿੱਲੀ-40 ਵਿਧਾਨ ਸਭਾ ਹਲਕੇ ਵਿੱਚ ਇੱਕ ਰਜਿਸਟਰਡ ਵੋਟਰ ਹਨ। ਉੱਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ‘ਤੇ ‘ਆਪ’ ਨੇ ਸਵਾਲ ਉਠਾਇਆ ਕਿ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਦਿੱਲੀ ਦੀ ਵੋਟਰ ਸੂਚੀ ਵਿੱਚੋਂ ਕਿਵੇਂ ਗਾਇਬ ਹੋ ਸਕਦੇ ਹਨ।
ਹਾਲਾਂਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਧਾਨ ਸਭਾ ਹਲਕਾ-40, ਨਵੀਂ ਦਿੱਲੀ ਦੇ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈ ਆਰ ਓ) ਨੇ ਚੱਲ ਰਹੀ ਐੱਸ ਆਈ ਆਰ ਤਹਿਤ ਖਰੜਾ ਵੋਟਰ ਸੂਚੀ ਵਿੱਚੋਂ ਨਾਮ ਗਾਇਬ ਹੋਣ ਬਾਰੇ ਇੱਕ ਮੀਡੀਆ ਰਿਪੋਰਟ ‘ਤੇ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਸੀ ਕਿ ਖਰੜਾ ਸੂਚੀ ਵਿੱਚ ਨਾਮ ਸ਼ਾਮਲ ਨਾ ਹੋਣਾ ਆਪਣੇ ਆਪ ਵਿੱਚ ਅਯੋਗਤਾ ਦਾ ਅੰਤਿਮ ਫੈਸਲਾ ਨਹੀਂ ਹੈ।
ਈ ਆਰ ਓ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਯੋਗ ਵਿਅਕਤੀਆਂ ਦੇ ਨਾਮ ਖਰੜਾ ਵੋਟਰ ਸੂਚੀ ਵਿੱਚ ਨਹੀਂ ਹਨ, ਉਨ੍ਹਾਂ ਕੋਲ 31 ਅਗਸਤ ਤੋਂ 30 ਸਤੰਬਰ ਤੱਕ ਦਾਅਵੇ ਅਤੇ ਇਤਰਾਜ਼ ਦੀ ਮਿਆਦ ਦੌਰਾਨ ਫਾਰਮ 6 ਰਾਹੀਂ ਸ਼ਾਮਲ ਹੋਣ ਦਾ ਦਾਅਵਾ ਕਰਨ ਦਾ ਮੌਕਾ ਹੈ।
ਦਫ਼ਤਰ ਨੇ ਕਿਹਾ, “ਖਰੜਾ ਵੋਟਰ ਸੂਚੀ ਵਿੱਚ ਨਾਮ ਦਾ ਸ਼ਾਮਲ ਨਾ ਹੋਣਾ, ਆਪਣੇ ਆਪ ਵਿੱਚ, ਅਯੋਗਤਾ ਦਾ ਅੰਤਿਮ ਫੈਸਲਾ ਨਹੀਂ ਬਣਦਾ।” ਚੋਣ ਕਮਿਸ਼ਨ ਵੱਲੋਂ ਕੌਮੀ ਰਾਜਧਾਨੀ ਲਈ ਖਰੜਾ ਸੂਚੀ ਜਾਰੀ ਕਰਨ ‘ਤੇ 47 ਲੱਖ ਤੋਂ ਵੱਧ ਨਾਮ ਹਟਾ ਦਿੱਤੇ ਗਏ ਸਨ।












