ਵੈਨਕੂਵਰ ਆਰਟ ਗੈਲਰੀ ਦੇ ਵਿਹੜੇ ’ਚ ਗੂੰਜਿਆ ਸਿੱਖਾ ਦੇ ਰੋਸ ਦਾ ਖੜਕਾ: “ਨਮਸਤੇ ਕੈਨੇਡਾ” ਪ੍ਰੋਗਰਾਮ ਦੌਰਾਨ ਪਾਇਆ ਰੰਗ ਵਿਚ ਭੰਗ

ਨੈਸ਼ਨਲ ਪੰਜਾਬ

ਨਵੀਂ ਦਿੱਲੀ 20 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):-

ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵੱਲੋਂ ਵੈਨਕੂਵਰ ਆਰਟ ਗੈਲਰੀ ਦੇ ਨੌਰਥ ਪਲਾਜ਼ਾ ਵਿਖੇ ਆਯੋਜਿਤ ਕੀਤੇ ਗਏ “ਨਮਸਤੇ ਕੈਨੇਡਾ 2026” ਪ੍ਰੋਗਰਾਮ ਦਾ ਖਾਲਿਸਤਾਨ ਪੱਖੀ ਸਿੱਖਾਂ ਨੇ ਜ਼ਬਰਦਸਤ ਤਰੀਕੇ ਨਾਲ ਘੇਰਾਓ ਕੀਤਾ। ਸ਼ਹੀਦ ਭਾਈ ਜਥੇਦਾਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਅਤੇ ਜਵਾਬਦੇਹੀ ਦੀ ਪੁਰਜ਼ੋਰ ਮੰਗ ਨੂੰ ਲੈ ਕੇ ਸਵੇਰੇ 11:00 ਵਜੇ ਤੋਂ ਸ਼ਾਮ 6:00 ਵਜੇ ਤੱਕ ਚੱਲੇ ਇਸ ਬੇਬਾਕ ਪ੍ਰਦਰਸ਼ਨ ਨੇ ਸਮਾਗਮ ਦੇ ਰੰਗ ਵਿੱਚ ਭੰਗ ਪਾ ਦਿੱਤਾ। ਭਾਰਤ ਸਰਕਾਰ ਦੀਆਂ ਨੀਤੀਆਂ ਅਤੇ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਪੂਰੇ ਜਲੌਅ ‘ਚ ਦੇਖਣ ਨੂੰ ਮਿਲਿਆ। ਪ੍ਰਦਰਸ਼ਨ ਦੌਰਾਨ ਧਰਤੀ ਆਕਾਸ਼ ਗੂੰਜਾਊ ਨਾਅਰੇਬਾਜ਼ੀ ਕਰਦਿਆਂ ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ “ਖਾਲਿਸਤਾਨ ਜ਼ਿੰਦਾਬਾਦ” ਅਤੇ “ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜ਼ਿੰਦਾਬਾਦ” ਦੇ ਨਾਅਰਿਆਂ ਨਾਲ ਪੂਰਾ ਇਲਾਕਾ ਗੂੰਜਣ ਲਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਮੁੱਖ ਸਟੇਜ ਦੇ ਬਿਲਕੁਲ ਸਾਹਮਣੇ ਪਹੁੰਚ ਕੇ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਆਪਣਾ ਪ੍ਰਚੰਡ ਵਿਰੋਧ ਦਰਜ ਕਰਵਾਇਆ। ਇਹ ਸਿੱਧਾ ਲਲਕਾਰਾ ਇਸ ਗੱਲ ਦਾ ਸਬੂਤ ਸੀ ਕਿ ਸਿੱਖ ਭਾਈਚਾਰਾ ਆਪਣੇ ਸ਼ਹੀਦਾਂ ਦੇ ਖੂਨ ਦਾ ਹਿਸਾਬ ਲਏ ਬਿਨਾਂ ਪਿੱਛੇ ਹਟਣ ਵਾਲਾ ਨਹੀਂ ਹੈ। ਕੈਨੇਡਾ ਸਰਕਾਰ ਵੱਲੋਂ 2023 ਵਿੱਚ ਭਾਰਤੀ ਏਜੰਟਾਂ ‘ਤੇ ਲਾਏ ਗਏ “ਗੰਭੀਰ ਦੋਸ਼ਾਂ” ਅਤੇ ਆਰਸੀਐੱਮਪੀ ਦੀਆਂ ਜਾਂਚਾਂ ਦੇ ਹਵਾਲੇ ਨਾਲ ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਕਿ ਭਾਈ ਨਿੱਝਰ ਦਾ ਬਲੀਦਾਨ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ‘ਟੀਮ ਸ਼ਹੀਦ ਨਿੱਝਰ’ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਸਮੁੱਚੀ ਲੀਡਰਸ਼ਿਪ ਨੇ ਐਲਾਨ ਕੀਤਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਭਾਰਤੀ ਹਕੂਮਤ ਦਾ ਹਰ ਜਨਤਕ ਮੰਚ ‘ਤੇ ਅਜਿਹਾ ਹੀ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਇਹ ਆਵਾਜ਼ ਵਿਸ਼ਵ ਪੱਧਰ ‘ਤੇ ਗੂੰਜਦੀ ਰਹੇਗੀ। ਜਿਕਰਯੋਗ ਹੈ ਇਸ ਪ੍ਰਚੰਡ ਰੋਸ ਵਿਖਾਵੇ ਨੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਵੀ ਉਲੀਕ ਦਿੱਤੀ ਹੈ। ਟੀਮ ਸ਼ਹੀਦ ਨਿੱਝਰ ਵਲੋਂ 18 ਅਕਤੂਬਰ 2026 ਨੂੰ ਐਡਮੰਟਨ, ਅਲਬਰਟਾ ਵਿਖੇ ਹੋਣ ਜਾ ਰਹੀ ‘ਖਾਲਿਸਤਾਨ ਰਿਫਰੈਂਡਮ’ ਦੀ ਵੋਟਿੰਗ ਲਈ ਸਮਰਥਕਾਂ ਨੂੰ ਡਟਣ ਦਾ ਸੱਦਾ ਦਿੱਤਾ ਗਿਆ ਹੈ। ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ, ਰਿਕਾਰਡਿੰਗ ਸਕੱਤਰ ਭਾਈ ਨਰਿੰਦਰ ਸਿੰਘ ਰੰਧਾਵਾ, ਮਨਜਿੰਦਰ ਸਿੰਘ ਖਾਲਸਾ, ਭਾਈ ਗਗਨਦੀਪ ਸਿੰਘ, ਭਾਈ ਰਜਿੰਦਰ ਸਿੰਘ ਨਤ, ਵਾਹਿਗੁਰੂ ਕੌਰ ਸਮੇਤ ਵੱਡੀ ਗਿਣਤੀ ‘ਚ ਬੀਬੀਆਂ ਤੇ ਬੱਚਿਆਂ ਦੀ ਸ਼ਮੂਲੀਅਤ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਸਿੱਖ ਕੌਮ ਆਪਣੇ ਹੱਕਾਂ ਅਤੇ ਆਜ਼ਾਦੀ ਦੀ ਲੜਾਈ ਸ਼ਾਂਤਮਈ ਤੇ ਲੋਕਤੰਤਰਿਕ ਢੰਗ ਨਾਲ ਆਖ਼ਰੀ ਦਮ ਤੱਕ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।