ਮੋਹਾਲੀ, 24 ਸਤੰਬਰ, ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੀਆਂ ਈ.ਡੀ. (ED) ਦੀਆਂ ਛਾਪੇਮਾਰੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਵਿੱਚ ਭਾਰੀ ਰੋਸ ਹੈ। ਅੱਜ ਵੀਰਵਾਰ ਸਵੇਰੇ, ‘ਆਪ’ ਵਰਕਰ ਮੋਹਾਲੀ ਸਥਿਤ ‘ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ’ (GMADA) ਦੇ ਦਫ਼ਤਰ ਦੇ ਬਾਹਰ ਇਕੱਠੇ ਹੋਏ। ਰੋਸ ਪ੍ਰਦਰਸ਼ਨ ਦੌਰਾਨ, ਉਨ੍ਹਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਦਿੱਤੇ ਅਤੇ GMADA ਕੰਪਲੈਕਸ ਵਿੱਚ ਦਾਖਲ ਹੋ ਗਏ, ਜਿਸ ਦੌਰਾਨ ਪੁਲਿਸ ਨਾਲ ਉਨ੍ਹਾਂ ਦੀ ਧੱਕਾ-ਮੁੱਕੀ ਵੀ ਹੋਈ।
ਉਨ੍ਹਾਂ ਨੇ GMADA ਦਫ਼ਤਰ ਦੇ ਅੰਦਰ ਮੌਜੂਦ ਈ.ਡੀ. ਦੀ ਟੀਮ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਤਾਇਨਾਤ ਸੀ.ਆਰ.ਪੀ.ਐੱਫ. (CRPF) ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਤੋਂ ਬਾਅਦ, ‘ਆਪ’ ਸਮਰਥਕਾਂ ਨੇ ਖਿੜਕੀਆਂ ‘ਤੇ ਪੱਥਰਬਾਜ਼ੀ ਕੀਤੀ, ਜਿਸ ਨਾਲ ਕੁਝ ਸ਼ੀਸ਼ੇ ਟੁੱਟ ਗਏ। ਇਸ ਦੌਰਾਨ, ਗੁੱਸੇ ਵਿੱਚ ਆਏ ‘ਆਪ’ ਵਰਕਰਾਂ ਨੇ ਈ.ਡੀ. ਟੀਮ ਦੀਆਂ ਗੱਡੀਆਂ ਦੀਆਂ ਖਿੜਕੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਉਨ੍ਹਾਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ। ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ, ਸੀ.ਆਰ.ਪੀ.ਐੱਫ. ਹਾਈ ਅਲਰਟ ‘ਤੇ ਹੈ।












