ਅੰਮ੍ਰਿਤਸਰ 27 ਸਤੰਬਰ ,ਬੋਲੇ ਪੰਜਾਬ ਬਿਊਰੋ;
ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਵੱਲੋਂ ਅੱਜ ਤੜਕੇ ਵੱਖ-ਵੱਖ ਪੁਲੀਸ ਟੀਮਾਂ ਬਣਾ ਕੇ ਘੇਰਾਬੰਦੀ ਅਤੇ ਤਲਾਸ਼ੀ ਅਪਰੇਸ਼ਨ ਚਲਾਇਆ ਗਿਆ। ਇਸ ਤਹਿਤ ਸੈਂਟਰ ਸਬ-ਡਵਿਜ਼ਨ ਅਧੀਨ ਆਉਂਦੇ ਇਲਾਕਿਆਂ ਅਨਗੜ੍ਹ, ਮੂਲੇ ਚੱਕ ਅਤੇ ਫਕੀਰ ਸਿੰਘ ਕਲੋਨੀ ਆਦਿ \ਵਿੱਚ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਘਰਾਂ, ਸ਼ੱਕੀ ਥਾਵਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ।
ਡੀ ਸੀ ਪੀ (ਆਪਰੇਸ਼ਨਜ਼) ਜੁਗਰਾਜ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਐੱਨ ਡੀ ਪੀ ਐੱਸ ਐਕਟ, ਐਕਸਾਈਜ਼ ਐਕਟ ਅਤੇ ਵਾਹਨਾਂ ਸਬੰਧੀ ਕਾਰਵਾਈ ਵੀ ਕੀਤੀ ਗਈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਦਰਜ ਕੀਤੇ ਗਏ ਮਾਮਲਿਆਂ ਅਤੇ ਬਰਾਮਦਗੀ ਦੀ ਵਿਸਥਾਰਤ ਜਾਣਕਾਰੀ ਪੁਲੀਸ ਵੱਲੋਂ ਜਲਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਿਆਪਕ ਸਰਚ ਆਪਰੇਸ਼ਨ ਦੌਰਾਨ ਕਰੀਬ 150 ਪੁਲੀਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ। ਪੁਲੀਸ ਟੀਮਾਂ ਵੱਲੋਂ ਇਲਾਕੇ ਵਿੱਚ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕਰਨ ਦੇ ਨਾਲ-ਨਾਲ ਨਸ਼ਿਆਂ ਦੀ ਤਸਕਰੀ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਇਲਾਕੇ ਵਿੱਚ ਮਾੜੇ ਅਨਸਰਾਂ ’ਤੇ ਸ਼ਿਕੰਜਾ ਕੱਸਣਾ, ਨਸ਼ਾ ਤਸਕਰੀ, ਨਸ਼ਿਆਂ ਦੀ ਸਪਲਾਈ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਪਰੇਸ਼ਨ ਵਿੱਚ ਇਲਾਕੇ ਦੇ ਸੂਝਵਾਨ ਅਤੇ ਜ਼ਿੰਮੇਵਾਰ ਨਾਗਰਿਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਇਲਾਕੇ ਵਿੱਚ ਹੋ ਰਹੀਆਂ ਸ਼ੱਕੀ ਜਾਂ ਗ਼ੈਰ-ਕਾਨੂੰਨੀ ਗਤੀਵਿਧੀਆਂ ਬਾਰੇ ਪੁਲੀਸ ਨੂੰ ਜਾਣਕਾਰੀ ਦੇਣ, ਤਾਂ ਜੋ ਸਮੇਂ ਸਿਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ, ਸ਼ਾਂਤਮਈ ਅਤੇ ਨਸ਼ਾ-ਮੁਕਤ ਮਾਹੌਲ ਮੁਹੱਈਆ ਕਰਵਾਉਣਾ ਹੈ। ਇਸ ਲਈ ਮਾੜੇ ਅਨਸਰਾਂ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਲਗਾਤਾਰ ਜਾਰੀ ਰਹੇਗੀ।












