ਸਮਾਣਾ 27 ਸਤੰਬਰ ,ਬੋਲੇ ਪੰਜਾਬ ਬਿਊਰੋ;
ਸਮਾਣਾ ਵਿਖੇ ‘ਮਾਵਾਂ-ਧੀਆਂ ਇਨਸਾਫ਼ ਰੈਲੀ’ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ’ਤੇ ਤਿੱਖੇ ਨਿਸ਼ਾਨੇ ਸੇਧੇ। ਉਨ੍ਹਾਂ ਡਾ. ਬਲਬੀਰ ਸਿੰਘ ਨੂੰ ਪੁੱਛਿਆ ਕਿ ਉਹ ਦੱਸਣ ਕਿ ਪੰਜਾਬ ਤੋਂ ਕਿੰਨੇ ਬਿਮਾਰ ਲੋਕਾਂ ਵਾਸਤੇ ਉਨ੍ਹਾਂ ਆਪਣਾ ਮੰਤਰੀ ਵਾਲਾ ਬੰਗਲਾ ਖੋਲ੍ਹਿਆ ਹੈ ਅਤੇ ਉਨ੍ਹਾਂ ਨੂੰ ਰਾਜਸਥਾਨ ਦੀ ਵਸਨੀਕ ਗਾਇਤਰੀ ਬਿਸ਼ਨੋਈ ’ਤੇ ’ਤਰਸ’ ਕਿਉਂ ਆਇਆ, ਜਿਸ ਨੂੰ ਸਾਰਾ ਬੰਗਲਾ ਹੀ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਇਹ ਦੱਸੇ ਕਿ ਉਹ ਪੰਜਾਬੀਆਂ ਦਾ ਪੈਸਾ ਅਤੇ ਸਰੋਤ ਬਾਹਰਲਿਆਂ ਨੂੰ ਕਿਉਂ ਦੇ ਰਹੀ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਡਾ. ਬਲਬੀਰ ਸਿੰਘ ਵੱਲੋਂ 16 ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕਰਨ ਦੇ ਬਾਵਜੂਦ ਇੱਕ ਵੀ ਮੈਡੀਕਲ ਕਾਲਜ ਨਹੀਂ ਖੋਲ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਨਾਲ ਜੁੜੇ ਰਾਜਿੰਦਰਾ ਹਸਪਤਾਲ ਦੀ ਹਾਲਤ ਦਿਨੋ-ਦਿਨ ਖਸਤਾ ਹੁੰਦੀ ਜਾ ਰਹੀ ਹੈ ਅਤੇ ਡਾਕਟਰ ਟਾਰਚ ਲਾਈਟਾਂ ਹੇਠ ਅਪਰੇਸ਼ਨ ਕਰਨ ਲਈ ਮਜਬੂਰ ਹਨ। ਸਮਾਣਾ ਵਿਖੇ ਸਰਕਾਰੀ ਹਸਪਤਾਲ ਦੀ ਹਾਲਤ ਵੀ ਕਾਫ਼ੀ ਖਸਤਾ ਹੈ।ਉਨ੍ਹਾਂ ਨੇ ਕਿਹਾ ਕਿ ਕੌਮੀ ਅੰਕੜਿਆਂ ਵਿੱਚ ਵੀ ਇਹ ਖ਼ੁਲਾਸਾ ਹੋਇਆ ਹੈ ਕਿ ਨਸ਼ਾ ਤਸਕਰੀ ਵਿੱਚ ਪੰਜਾਬ ਪਹਿਲੇ ਨੰਬਰ ’ਤੇ ਹੈ ਅਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਦੂਜੇ ਨੰਬਰ ’ਤੇ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹਾਲੇ ਵੀ ਇਸ ਮਾਮਲੇ ’ਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਨਵਾਂ ਕਾਨੂੰਨ ਲਿਆ ਕੇ ਨਸ਼ਿਆਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਸਮਾਣਾ ਤੋਂ ਪਾਰਟੀ ਉਮੀਦਵਾਰ ਜਗਮੀਤ ਸਿੰਘ ਹਰਿਆਊ ਨੇ ਵੀ ਸੰਬੋਧਨ ਕੀਤਾ।












